ਅੰਮ੍ਰਿਤਸਰ : ਫਰਜ਼ੀ ਸਿਹਤ ਮੰਤਰੀ ਬਣ ਕੇ ਫੋਨ ਕਾਲ ਕਰ ਕੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸ. ਐੱਮ. ਓ.) ਨੂੰ ਧਮਕਾ ਕੇ ਆਪਣੀਆਂ ਮੰਗਾਂ ਮਨਵਾਉਣ ਦੇ ਮਾਮਲੇ ਵਿੱਚ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਦੇ ਅਧੀਨ ਆਉਂਦੇ ਥਾਣਾ ਏ ਡਵੀਜ਼ਨ ਦੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਫਰਜ਼ੀ ਸਿਹਤ ਮੰਤਰੀ ਦੀ ਪਛਾਣ ਹਰਜੀਤ ਸਿੰਘ ਵਾਸੀ ਗੁਰਬਖ਼ਸ਼ ਨਗਰ, ਅੰਮ੍ਰਿਤਸਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਪੰਜ ਮਾਮਲੇ ਥਾਣਾ ਏ ਡਵੀਜ਼ਨ ਅਤੇ ਇਕ ਮਾਮਲਾ ਥਾਣਾ ਗੇਟ ਹਕੀਮਾ ਵਿਚ ਦਰਜ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਸਿਰਫ਼ ਪੰਜਵੀਂ ਤੱਕ ਪੜ੍ਹਿਆ ਹੋਇਆ ਹੈ ਅਤੇ ਪ੍ਰਾਈਵੇਟ ਤੌਰ ’ਤੇ ਗੋਤਾਖੋਰ ਵਜੋਂ ਕੰਮ ਕਰਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. (ਲਾਅ ਐਂਡ ਆਰਡਰ) ਆਲਮ ਵਿਜੇ ਸਿੰਘ ਨੇ ਦੱਸਿਆ ਕਿ ਥਾਣਾ ਏ ਡਵੀਜ਼ਨ ਦੀ ਪੁਲਸ ਨੂੰ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਇਕ ਵਿਅਕਤੀ ਆਪਣੇ ਆਪ ਨੂੰ ਕੈਬਨਿਟ ਮੰਤਰੀ ਦੱਸ ਕੇ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ’ਤੇ ਬੇਵਜ੍ਹਾ ਦਬਾਅ ਬਣਾ ਰਿਹਾ ਹੈ ਅਤੇ ਗੈਰ-ਕਾਨੂੰਨੀ ਹੁਕਮ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕਾਲ ਡੀਟੇਲ ਅਤੇ ਨੰਬਰ ਦੇ ਆਧਾਰ ’ਤੇ ਕੜੀ ਤੋਂ ਕੜੀ ਜੋੜਦਿਆਂ ਆਖ਼ਿਰਕਾਰ ਫਰਜ਼ੀ ਸਿਹਹਤ ਮੰਤਰੀ ਬਣ ਕੇ ਕਾਲ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਡੀ. ਸੀ. ਪੀ. ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਅੰਮ੍ਰਿਤਸਰ ਵਿਚ ਤਾਇਨਾਤ ਇਕ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿਚ ਕਿਹਾ ਗਿਆ ਕਿ ਸਵੇਰੇ 10:34 ਵਜੇ ਉਸ ਦੇ ਮੋਬਾਇਲ ’ਤੇ ਇਕ ਕਾਲ ਆਈ, ਜਿਸ ਵਿਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਹੈਲਥ ਮੰਤਰੀ ਦੱਸਿਆ ਅਤੇ ਸਿਵਲ ਹਸਪਤਾਲ ਵਿਚ ਮਿਸ ਮੈਨੇਜਮੈਂਟ ਦੇ ਦੋਸ਼ ਲਗਾਉਂਦੇ ਹੋਏ ਧਮਕੀ ਭਰੇ ਅਤੇ ਡਰਾਉਣੇ ਬਿਆਨ ਦਿੱਤੇ। ਕਾਲਰ ਨੇ ਗੈਰ-ਕਾਨੂੰਨੀ ਹੁਕਮ ਜਾਰੀ ਕਰਦਿਆਂ ਸਰਕਾਰੀ ਕੰਮਕਾਜ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਹਸਪਤਾਲ ਦੇ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ, ਕੁਝ ਖ਼ਾਸ ਲੋਕਾਂ ਨੂੰ ਖ਼ਾਸ ਅਹੁਦਿਆਂ ’ਤੇ ਬਣਾਏ ਰੱਖਣ ਦਾ ਦਬਾਅ ਬਣਾਇਆ ਅਤੇ ਸਟਾਫ਼ ਖ਼ਿਲਾਫ਼ ਅਪਮਾਨਜਨਕ ਅਤੇ ਬੇਇੱਜ਼ਤੀ ਭਰੀ ਭਾਸ਼ਾ ਵਰਤੀ।
ਇਸ ਤੋਂ ਇਲਾਵਾ ਕਾਲਰ ਨੇ ਸਰਕਾਰੀ ਮਸ਼ੀਨਰੀ ਅਤੇ ਮੰਤਰੀਆਂ ਦੀਆਂ ਗੱਡੀਆਂ ਨਾਲ ਝੂਠੇ ਸੰਬੰਧ ਹੋਣ ਦਾ ਵੀ ਦਾਅਵਾ ਕੀਤਾ। ਜਦੋਂ ਮੈਡੀਕਲ ਅਫ਼ਸਰ ਨੇ ਕਾਲ ਦੌਰਾਨ ਉਸ ਦੀ ਪਛਾਣ ਬਾਰੇ ਦੁਬਾਰਾ ਪੁੱਛਿਆ ਤਾਂ ਮੁਲਜ਼ਮ ਨੇ ਆਪਣਾ ਬਿਆਨ ਬਦਲਦੇ ਹੋਏ ਆਪਣੇ ਆਪ ਨੂੰ ਮੰਤਰੀ ਦੇ ਦਫ਼ਤਰ ਵਿਚ ਕੰਮ ਕਰਨ ਵਾਲਾ ਗੁਰਜੀਤ ਸਿੰਘ ਦੱਸਿਆ। ਮੈਡੀਕਲ ਅਫ਼ਸਰ ਨੇ ਕਿਹਾ ਕਿ ਕਾਲਰ ਵੱਲੋਂ ਵਾਰ-ਵਾਰ ਗਲਤ ਅਥਾਰਟੀ ਦਾ ਦਾਅਵਾ ਕਰ ਕੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ।
ਇਸ ਘਟਨਾ ਤੋਂ ਬਾਅਦ ਮੈਡੀਕਲ ਅਫ਼ਸਰ ਨੇ ਸਿੱਧਾ ਿਸਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਅਜਿਹੀ ਕਿਸੇ ਵੀ ਕਾਲ ਜਾਂ ਹੁਕਮ ਤੋਂ ਪੂਰੀ ਤਰ੍ਹਾਂ ਇਨਕਾਰ ਕਰਦਿਆਂ ਮਾਮਲੇ ਵਿਚ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਹਰਜੀਤ ਸਿੰਘ ਖ਼ਿਲਾਫ਼ ਸਰਕਾਰੀ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨ ਲਈ ਗਲਤ ਪਛਾਣ ਵਰਤਣ, ਅਪਰਾਧਿਕ ਧਮਕੀ ਦੇਣ ਅਤੇ ਝੂਠੀ ਪਛਾਣ ਵਰਤਣ ਸਬੰਧੀ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
