ਨੈਸ਼ਨਲ ਟਾਈਮਜ਼ ਬਿਊਰੋ :- 2027 ਵਿਧਾਨਸਭਾ ਦੀਆਂ ਚੋਣਾਂ ਹੁਣ ਬਹੁਤੀ ਦੂਰ ਨਹੀਂ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਵੀ ਕਰ ਦਿੱਤੀਆਂ ਗਈਆਂ ਹਨ। ਜਿੱਥੇ ਭਾਜਪਾ, ਕਾਂਗਰਸ ਤੇ ਸੱਤਾਧਾਰੀ ਪਾਰਟੀ ਯਾਨੀ ਆਮ ਆਦਮੀ ਪਾਰਟੀ, ਚੋਣਾਂ ਦੀਆਂ ਤਿਆਰੀਆਂ ‘ਚ ਰੁਝ ਗਈ ਹੈ, ਉੱਥੇ ਪੰਜਾਬ ਦੀ “ਇੱਕੋ ਇੱਕ ਪੰਥਕ ਪਾਰਟੀ”, ਇਸ ਮੁਕਾਮ ਤੇ ਆ ਖੜੀ ਹੋ ਗਈ ਹੈ, ਜਿੱਥੇ ਨਾ ਤਾਂ ਉਨ੍ਹਾਂ ਦੇ ਨਾਲ ਪੰਥ ਦਾ ਸਾਥ ਦੇਖਣ ਨੂੰ ਮਿਲ ਰਿਹਾ ਹੈ ਤੇ ਨਾ ਹੀ ਆਮ ਲੋਕਾਂ ਦਾ। ਜਿੱਥੇ ਚੋਣਾਂ ਨੂੰ ਦੇਖਦਿਆਂ ਕੋਈ ਵੀ ਪਾਰਟੀ ਹੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਵੋਟਾਂ ਵਧਾਈਏ, ਉੱਥੇ ਅਕਾਲੀ ਦਲ ਦੀਆਂ “ਚੰਦ” ਵੋਟਾਂ ਵੀ ਹੁਣ ਘੱਟਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਹੁਣ ਅਕਾਲੀ ਦਲ ਦਾ ਨਾਂ ਇੱਕ ਹੈ ਪਰ ਦਾਅਵੇਦਾਰ ਦੋ ਹਨ।
ਨਾਂ ਇਕ ਦਾਅਵੇਦਾਰ ਦੋ
ਇੱਕ ਅਕਾਲੀ ਦਲ ਹੈ ਜੋ ਖੁਦ ਨੂੰ ਪੰਜਾਬ ਦੀ ਇੱਕੋ-ਇੱਕ “ਪੰਥਕ ਪਾਰਟੀ” ਆਖ ਕੇ ਵੋਟਾਂ ਮੰਗਦਾ ਰਿਹਾ ਪਰ 2017 ਤੋਂ ਬਾਅਦ ਲੱਗਦਾ ਜਿਵੇਂ ਪੰਥ ਸਾਥ ਦੇਣੋ ਹੀ ਹੱਟ ਗਿਆ। ਇੰਨਾ ਹੀ ਨਹੀਂ ਸਗੋਂ ਪਾਰਟੀ ਦੇ ਦੋ ਗੁੱਟ ਬਣ ਗਏ, ਜਿਸ ਵਿੱਚ ਬਾਗ਼ੀ ਗੁੱਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵੱਡੇ ਵੱਡੇ ਇਲਜ਼ਾਮ ਲਾਏ ਤੇ ਕੁਰਸੀ ਛੱਡਣ ਨੂੰ ਕਿਹਾ। ਇਸ ਦੌਰਾਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਵੀ ਕਰਾਰ ਦਿੱਤਾ ਗਿਆ, ਤੇ ਉਨ੍ਹਾਂ ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਮੁਆਫੀ ਮੰਗਣੀ ਪਈ। ਸਜ਼ਾ ਵੀ ਭੁਗਤਾਈ, ਗੋਲੀ ਵੀ ਚੱਲੀ, ਪਰ ਪੰਜਾਬ ਦੇ ਲੋਕਾਂ ਨੇ ਮੰਨੋ ਕਿ ਅਕਾਲੀ ਦਲ ਬਾਰੇ ਵਿਚਾਰ ਕਰਨਾ ਹੀ ਬੰਦ ਕਰ ਦਿੱਤਾ।
ਦੂਜੇ ਪਾਸੇ, ਨਵਾਂ ਅਕਾਲੀ ਦਲ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਦਿਆਂ ਭਰਤੀ ਕਮੇਟੀ ਵੱਲੋਂ ਸਿਰਜਿਆ ਗਿਆ ਤੇ ਉਸਦਾ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ। ਗਿਆਨੀ ਹਰਪ੍ਰੀਤ ਸਿੰਘ, ਜਿਨ੍ਹਾਂ ਨੇ ਇਲਜ਼ਾਮ ਲਾਏ ਕਿ ਉਨ੍ਹਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਣ ਲਈ ਮਜਬੂਰ ਕੀਤਾ ਗਿਆ, ਉਹ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਬੋਲਣੋ ਪਿੱਛੇ ਨਹੀਂ ਹੱਟਦੇ।
ਹੁਣ ਅਕਾਲੀ ਦਲ ਦੋ ਨੇ, ਪਰ ਜੇਕਰ ਦੇਖਿਆ ਜਾਵੇ ਤਾਂ ਲੋਕਾਂ ਦਾ ਸਾਥ ਕਿਸੇ ਵੀ ਦਲ ਕੋਲ ਨਹੀਂ ਹੈ। ਇੱਕ “ਰਾਜਨੀਤੀਕ” ਅਕਾਲੀ ਦਲ ਹੈ ਤੇ ਇੱਕ “ਪੰਥਕ” ਅਕਾਲੀ ਦਲ ਹੈ, ਤੇ ਜੋ ਫਿਲਹਾਲ ਦੀ ਘੜੀ “ਰਾਜਨੀਤੀਕ” ਅਕਾਲੀ ਦਲ ਹੈ (ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲਾ ਅਕਾਲੀ ਦਲ) ਉਹ “ਪੰਥਕ ਪਾਰਟੀ” ਹੋਣ ਦਾ ਦਾਅਵਾ ਕਰਦੇ ਹਨ, ਤੇ ਜੋ “ਪੰਥਕ” ਅਕਾਲੀ ਦਲ ਹੈ, ਉਨ੍ਹਾਂ ਵੱਲੋਂ ਦਾਅਵਾ ਕੀਤਾ ਜਾਂਦਾ ਸੀ ਕਿ ਪੰਥ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਅੱਜ ਉਹ ਆਪ “ਰਾਜਨੀਤੀਕ” ਅਕਾਲੀ ਦਲ ਬਣਨ ਵੱਲ ਤੁਰ ਪਿਆ ਹੈ।
ਅਜਿਹੇ ‘ਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਾਲੇ ਅਕਾਲੀ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਨੂੰ ਅਵੈਧ ਦੱਸਿਆ ਹੈ ਤੇ ਉਨ੍ਹਾਂ ਦੇ ਖ਼ਿਲਾਫ਼ ਐਕਸ਼ਨ ਲੈਣ ਬਾਰੇ ਵੀ ਗੱਲ ਕਹੀ ਹੈ।
ਸ੍ਰੋਮਣੀ ਅਕਾਲੀ ਦਲ ਤੇ ਪੰਥਕ ਧਿਰਾਂ ਦਾ ਟਕਰਾਓ, ਭਾਜਪਾ ਤੇ ਆਪ ਨੂੰ ਪਹੁੰਚੇਗਾ ਫਾਇਦਾ
ਹੁਣ ਜਿੱਥੇ ਅਕਾਲੀ ਦਲ ਤੇ ਨਵੇਂ ਅਕਾਲੀ ਦਲ ਵਿਚਾਲੇ ਇੱਕ ਵੱਖਰੀ ਜੰਗ ਚੱਲ ਰਹੀ ਹੈ, ਉੱਥੇ ਸਭ ਤੋਂ ਵੱਧ ਫਾਇਦਾ ਵਿਰੋਧੀ ਧਿਰਾਂ ਤੇ ਖਾਸ ਤੌਰ ‘ਤੇ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਪਹੁੰਚਾ ਸਕਦਾ ਹੈ। ਹਾਲ ਹੀ ਦੇ ਵਿੱਚ ਅਕਾਲੀ ਦਲ ਨਾਲ ਭਾਜਪਾ ਦੇ ਗੱਠਜੋੜ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ, ਤੇ ਮੰਨਿਆ ਜਾ ਰਿਹਾ ਸੀ ਕਿ ਇਹ ਸ਼ਾਇਦ ਸੱਚ ਵੀ ਹੋ ਜਾਵੇ ਪਰ ਅਕਾਲੀ ਦਲ ਬਨਾਮ ਅਕਾਲੀ ਦਲ ਦੀ ਜੰਗ ‘ਚ ਭਾਜਪਾ ਨੂੰ ਆਪਣਾ ਫਾਇਦਾ ਜ਼ਿਆਦਾ ਦੇਖਣ ਨੂੰ ਮਿਲਿਆ।
ਹੁਣ ਇਹ ਕਿਉਂ? ਕਿਉਂਕਿ ਜਿੱਥੇ ਅਕਾਲੀ ਦਲ ਘਰੇਲੂ ਜੰਗ ‘ਚ ਸ਼ਾਮਿਲ ਹੈ, ਉੱਥੇ ਉਨ੍ਹਾਂ ਦੀਆਂ ਖ਼ਾਸ ਪੰਥਕ ਵੋਟਾਂ ਹੁਣ ਵੰਡਦੀ ਹੋਈ ਨਜ਼ਰ ਆ ਰਹੀ ਹੈ, ਤੇ ਇਸ ਵੰਡ ਦਾ ਸਭ ਤੋਂ ਵੱਧ ਫਾਇਦਾ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਹੋਣ ਦੇ ਅਸਰ ਹਨ ਕਿਉਂਕਿ ਕਾਂਗਰਸ ਕੋਲ ਪੰਥਕ ਵੋਟਾਂ ਪਹਿਲਾਂ ਹੀ ਬਹੁਤ ਘੱਟ ਨੇ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਹਨੇਰੀ ਲਿਆਈ ਸੀ, ਉੱਥੇ ਭਾਜਪਾ ਨੇ ਪੰਜਾਬ ਦੀ ਸਿਆਸਤ ‘ਚ ਵੱਡਾ ਕਦਮ ਚੁੱਕਿਆ ਸੀ ਤੇ ਇੱਕਲੇ 117 ਸੀਟਾਂ ‘ਤੇ ਚੋਣ ਲੜਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ 2024 ‘ਚ ਵੀ ਭਾਜਪਾ ਨੇ ਇਕੱਲੇ ਚੋਣ ਲੜੀ ਸੀ। 2022 ਤੇ 2024 ਭਾਵੇਂ ਭਾਜਪਾ ਲਈ ਉੰਨੇ ਵਧੀਆ ਨਹੀਂ ਰਹੇ ਪਰ ਉਸ ਤੋਂ ਬਾਅਦ ਭਾਜਪਾ ਅਕਾਲੀ ਦਲ ਨਾਲੋਂ ਵੱਧ ਉਭਰ ਕੇ ਸਾਹਮਣੇ ਆਈ ਹੈ।
ਸੁਖਬੀਰ ਬਾਦਲ ਦੀ ਰਾਹਾਂ ਹੋਰ ਮੁਸ਼ਕਲ
ਅਕਾਲੀ ਦਲ ਨੂੰ ਮੁੜ ਸੁਰਜਿਤ ਕਰਨ ਦਾ ਸੁਪਨਾ ਦੇਖਣ ਵਾਲੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਆਫੀਆਂ ਮੰਗੀਆਂ ਤੇ ਪੁਰਾਣੇ ਲੀਡਰਾਂ ਨੂੰ ਮੁੜ ਅਕਾਲੀ ਦਲ ਦੇ ਚੋਣ ਨਿਸ਼ਾਨ ਹੇਠ ਇੱਕਤਰ ਹੋਣ ਦੀ ਮੰਗ ਕੀਤੀ ਪਰ ਮੁਆਫੀਆਂ ਦਾ ਮੁੱਲ ਉੰਨਾ ਪਿਆ ਨਹੀਂ ਜਿੰਨਾ ਉਨ੍ਹਾਂ ਨੇ ਉਮੀਦ ਕੀਤੀ। ਕਿਉਂਕਿ ਦੁਚਿੱਤੀ ਹੀ ਇੰਨੀ ਵੱਡੀ ਹੈ। ਕਿਹੜੇ ਅਕਾਲੀ ਦਲ ਨੂੰ ਚੁੰਨੀਆਂ ਜਾਵੇ, ਜਿਹੜੇ ਦਾਅਵੇ ਕਰਦੇ ਸਨ ਕਿ ਅਸੀਂ “ਇੱਕੋ ਇੱਕ ਪੰਥਕ ਪਾਰਟੀ ਹਾਂ” ਤੇ ਫਿਰ “ਪੰਥਕ ਸਵਰੂਪ” ਨੂੰ ਠੇਸ ਪਹੁੰਚਾਈ ਜਾਂ ਉਸ ਅਕਾਲੀ ਦਲ ਨੂੰ ਚੁਣੀਏ ਜਿਹੜੇ ਦਾਅਵੇ ਕਰਦੇ ਸਨ ਕਿ ‘ਪੰਥ” ਦੇ ਮੁੱਦਿਆਂ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੇ ਅੱਜ ਅਕਾਲੀ ਦਲ ਪੰਜਾਬ ਦੀ ਰਾਜਨੀਤੀਕ ਸਿਆਸਤ ਸਗੋਂ ਆਪਣੀ “ਪੰਥਕ” ਸਿਆਸਤ ਝੱਲ ਰਿਹਾ ਹੈ?
ਸੁਖਬੀਰ ਸਿੰਘ ਬਾਦਲ ਲਈ ਸਭ ਤੋਂ ਵੱਡੀ ਮੁਸ਼ਕਲਾਂ ‘ਚੋਂ ਇੱਕ ਹੈ ਅਕਾਲੀ ਦਲ ਦਾ ਮੁੜ ਦਬਦਬਾ ਬਣਾਉਣਾ, ਜੋ ਬਣਦਾ ਦਿਖਾਈ ਨਹੀਂ ਦੇ ਰਿਹਾ, ਤੇ ਦੂਜਾ ਪੰਥ ਨੂੰ ਭਰੋਸਾ ਦਿਵਾਉਣਾ ਤਾਂ ਜੋ ਉਹ ਆਪਣੀਆਂ ਵੋਟਾਂ ਉਨ੍ਹਾਂ ਝੋਲੀ ਪਾਉਣ, ਪਰ ਇਹ ਵੀ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਪੰਥ ਹੁਣ ਖੁਦ ਦੁਚਿੱਤੀ ‘ਚ ਹੈ ਕਿ ਕਿਹੜੇ ਅਕਾਲੀ ਦਲ ਨੂੰ ਚੁਣਿਆ ਜਾਵੇ।
