ਨੈਸ਼ਨਲ ਟਾਈਮਜ਼ ਬਿਊਰੋ :- ਨਵੇਂ ਸਾਲ ਵਾਲੇ ਦਿਨ 1 ਜਨਵਰੀ ਨੂੰ ਕਪੂਰਥਲਾ ਰੋਡ ’ਤੇ ਸਪੋਰਟਸ ਕਾਲਜ ਨੇੜੇ 3 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖ਼ਮੀ ਕੀਤੇ ਗਏ 31 ਸਾਲ ਦੇ ਨੌਜਵਾਨ ਨੇ ਬੀਤੇ ਦਿਨ ਇਕ ਨਿੱਜੀ ਹਸਪਤਾਲ ਵਿਚ ਦਮ ਤੋੜ ਦਿੱਤਾ। ਉਹ 26 ਦਿਨਾਂ ਤੋਂ ਹਸਪਤਾਲ ਵਿਚ ਇਲਾਜ ਅਧੀਨ ਸੀ ਅਤੇ ਉਸ ਦੀ ਹਾਲਤ ਡਾਕਟਰਾਂ ਵੱਲੋਂ ਲਗਾਤਾਰ ਨਾਜ਼ੁਕ ਦੱਸੀ ਜਾ ਰਹੀ ਸੀ।
ਮ੍ਰਿਤਕ ਨੌਜਵਾਨ ਦੀ ਪਛਾਣ ਜਗਦੀਪ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਨਿਊ ਦਸਮੇਸ਼ ਨਗਰ, ਮਾਡਲ ਹਾਊਸ, ਜਲੰਧਰ ਦੇ ਰੂਪ ਵਿਚ ਹੋਈ ਹੈ। ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਜੈਇੰਦਰ ਸਿੰਘ ਨੇ ਦੱਸਿਆ ਕਿ ਜਿਸ ਦਿਨ ਜਗਦੀਪ ਸਿੰਘ ’ਤੇ ਹਮਲਾ ਕੀਤਾ ਗਿਆ ਸੀ, ਪੁਲਸ ਨੇ ਉਸੇ ਦਿਨ ਕ੍ਰਿਸ਼ਨਾ ਪੁੱਤਰ ਸੁਦੇਸ਼ ਕੁਮਾਰ ਨਿਵਾਸੀ ਸਰਸਵਤੀ ਵਿਹਾਰ ਹਾਲ ਵਾਸੀ ਸੰਗਤ ਸਿੰਘ ਨਗਰ ਜਲੰਧਰ ਅਤੇ ਉਸ ਦੇ 2 ਹੋਰ ਅਣਪਛਾਤੇ ਸਾਥੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ, ਜਿਸ ਵਿਚ ਹੁਣ ਜਗਦੀਪ ਸਿੰਘ ਦੀ ਮੌਤ ਦੇ ਬਾਅਦ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ।
ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਜਗਦੀਪ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਬੁੱਧਵਾਰ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਕ੍ਰਿਸ਼ਨਾ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਕ੍ਰਿਸ਼ਨਾ ਤਕ ਪਹੁੰਚਣ ਲਈ ਪੁਲਸ ਫਿਲਹਾਲ ਉਸ ਦੀ ਮਾਂ ਅਤੇ ਭੈਣ ਨੂੰ ਪੁੱਛਗਿੱਛ ਵਾਸਤੇ ਥਾਣੇ ਲਿਆਈ ਹੈ।
