ਸੜਕ ਹਾਦਸੇ ਵਿਚ ਨੌਜਵਾਨ ਵਿਦਿਆਰਥੀ ਦੀ ਮੌਤ, ਗਰੀਬ ਮਾਪਿਆਂ ਦਾ ਸੀ ਇਕਲੌਤਾ ਪੁੱਤ

ਮਾਛੀਵਾੜਾ ਸਾਹਿਬ- ਇਤਿਹਾਸਕ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਨੇੜੇ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਨੌਜਵਾਨ ਦਿਲਖੁਸ਼ (19) ਵਾਸੀ ਰੇਤਾ ਕਾਲੋਨੀ ਮਾਛੀਵਾੜਾ ਦੀ ਮੌਤ ਹੋ ਗਈ। 

ਜਾਣਕਾਰੀ ਅਨੁਸਾਰ ਦਿਲਖੁਸ਼ ਮਾਛੀਵਾੜਾ ਦੇ ਸਰਕਾਰੀ ਸਕੂਲ ਵਿਚ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਜੋ ਕੱਲ੍ਹ ਆਪਣੇ ਦੋਸਤ ਨਾਲ ਮੋਟਰਸਾਈਕਲ ਰਾਹੀਂ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਰੋਡ ਤੋਂ ਆਪਣੀ ਕਾਲੋਨੀ ਵੱਲ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਨੇ ਸਿੱਧੀ ਟੱਕਰ ਮਾਰੀ। ਇਸ ਹਾਦਸੇ ਵਿਚ ਦਿਲਖੁਸ਼ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਜਦਕਿ ਉਸਦੇ ਪਿੱਛੇ ਬੈਠੇ ਸਾਥੀ ਦੇ ਮਾਮੂਲੀ ਸੱਟਾਂ ਵੱਜੀਆਂ। 

ਦਿਲਖੁਸ਼ ਨੂੰ ਜਦੋਂ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਿਲਖੁਸ਼ ਦਾ ਪਿਤਾ ਅਪਾਹਿਜ ਹੈ ਅਤੇ ਉਸਦੀ ਮਾਤਾ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ। ਦਿਲਖੁਸ਼ ਆਪਣੇ ਗਰੀਬ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਪੁਲਸ ਵਲੋਂ ਦਿਲਖੁਸ਼ ਦੀ ਲਾਸ਼ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। 

ਇਸ ਮਾਮਲੇ ਦੀ ਕਾਨੂੰਨੀ ਕਾਰਵਾਈ ਕਰ ਰਹੇ ਸਹਾਇਕ ਥਾਣੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਸਾਹਮਣੇ ਤੋਂ ਆ ਕੇ ਟੱਕਰ ਮਾਰਨ ਵਾਲੇ ਮੋਟਰਸਾਈਕਲ ਚਾਲਕ ਘਣਸ਼ਿਆਮ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *