ਚੰਡੀਗੜ੍ਹ (ਨੈਸ਼ਨਲ ਟਾਈਮਜ਼): ਦਿੱਲੀ ਵਿਧਾਨ ਸਭਾ ‘ਚ ਹੋਈ ਆਪ ਦੀ ਹਾਰ ‘ਤੇ ਪ੍ਰਤੀਕ੍ਰਿਆ ਦਿੰਦੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ “ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਵਿੱਚ ਸ਼ਰਮਨਾਕ ਹਾਰ ਦਾ ਸਵਾਦ ਚੱਖਿਆ ਹੈ। ਇਸ ਹਾਰ ਨਾਲ ਧੋਖੇ, ਝੂਠ ਅਤੇ ਖੋਖਲੇ ਵਾਅਦਿਆਂ ਦੀ ਹਕੂਮਤ ਦਾ ਅੰਤ ਹੋ ਗਿਆ ਹੈ।”
ਅਰਵਿੰਦ ਕੇਜਰੀਵਾਲ ਤੇ ਤੰਜ ਕਸਦੇ ਪ੍ਰਤਾਪ ਬਾਜਵਾ ਨੇ ਕਿਹਾ “AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਕਿਹਾ ਸੀ, “ਜੇ ਮੈਂ ਭ੍ਰਿਸ਼ਟ ਹਾਂ, ਤਾਂ ਲੋਕ ਮੈਨੂੰ ਵੋਟ ਨਹੀਂ ਪਾਉਣਗੇ।” ਹੁਣ ਉਹ ਆਪਣੀ ਹੀ ਸੀਟ ਹਾਰ ਗਿਆ ਹੈ। ਕੀ ਇਸ ਦਾ ਮਤਲਬ ਇਹ ਹੈ ਕਿ ਦਿੱਲੀ ਦੇ ਲੋਕ ਉਸ ਨੂੰ ਭ੍ਰਿਸ਼ਟ ਮੰਨਦੇ ਹਨ?”
ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਘੇਰਦੇ ਕਿਹਾ “ਪੰਜਾਬ ਦੇ ਲੋਕਾਂ ਨੇ ਅਖੌਤੀ ਕੱਟੜ ਇਮਾਨਦਾਰ ਪਾਰਟੀ ਦਾ ਅਸਲੀ ਚਿਹਰਾ ਵੀ ਦੇਖ ਲਿਆ ਹੈ। ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਵਿੱਚ ਪੰਜਾਬੀਆਂ ਨੂੰ ਮੂਰਖ ਬਣਾਉਣ ਅਤੇ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਲਈ ਪੰਜਾਬ ਵਿੱਚ ਵੱਡੇ-ਵੱਡੇ ਵਾਅਦੇ ਕੀਤੇ ਸਨ। ਇਹ ਮਾਈਨਿੰਗ ਤੋਂ 20000 ਕਰੋੜ ਰੁਪਏ ਜੁਟਾਉਣ ਵਿੱਚ ਅਸਫ਼ਲ ਰਹੇ। ਮਾਨ ਸਰਕਾਰ ਆਪਣੇ ਭ੍ਰਿਸ਼ਟ ਮੰਤਰੀਆਂ ਅਤੇ ਲੀਡਰਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਹੈ।”
ਉਨ੍ਹਾਂ ਅੱਗੇ ਕਿਹਾ ਕਿ “2027 ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਵੀ ਇਹੀ ਹਾਲ ਹੋਵੇਗਾ। ਦਿੱਲੀ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਅੰਤ ਦੀ ਸ਼ੁਰੂਆਤ ਵੱਲ ਇਸ਼ਾਰਾ ਕਰਦੇ ਹਨ।”
