ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੋਗਾ ਵਿੱਚ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ; ਹੱਲ ਦਾ ਦਿੱਤਾ ਭਰੋਸਾ

ਨੈਸ਼ਨਲ ਟਾਈਮਜ਼ ਬਿਊਰੋ :- ਵੀਰਵਾਰ ਸਵੇਰੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੋਗਾ ਦੇ ਪਿੰਡ ਰਣਸੀਂਹ ਕਲਾਂ ਪਹੁੰਚੇ, ਜਿੱਥੇ ਉਨ੍ਹਾਂ ਮਾਡਲ ਪਿੰਡ ਦਾ ਮੁਆਇਨਾ ਕੀਤਾ। ਇਸ ਦੌਰਾਨ ਉਹ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਵਿੱਚ ਵੀ ਗਏ ਅਤੇ ਪਿੰਡ ਦੇ ਟਰੀਟਮੈਂਟ ਪਲਾਂਟ ਦਾ ਦੌਰਾ ਕਰਦੇ ਹੋਏ ਸਰਪੰਚ ਪ੍ਰੀਤ ਇੰਦਰ ਪਾਲ ਸਿੰਘ ਮਿੰਟੂ ਤੋਂ ਪੂਰੀ ਜਾਣਕਾਰੀ ਲਈ। ਮੰਤਰੀ ਨੇ ਕਿਸਾਨ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਕਿਸਾਨਾਂ ਦੇ ਹਰ ਸੰਭਵ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ। ਦੌਰੇ ਦੌਰਾਨ ਉਹ ਸਰਪੰਚ ਪ੍ਰੀਤ ਇੰਦਰ ਪਾਲ ਸਿੰਘ ਮਿੰਟੂ ਦੇ ਘਰ ਖਾਣਾ ਖਾਣ ਲਈ ਵੀ ਰੁਕੇ। ਇਸ ਤੋਂ ਬਾਅਦ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਨਿਸ਼ਚਿਤ ਹੱਲ ਦਾ ਭਰੋਸਾ ਦਿੱਤਾ।

ਉਨ੍ਹਾਂ ਨੇ ਇੱਥੇ ਪਿੰਡ ਰਣਸੀਹ ਕਲਾਂ ਦੇ ਸਰਪੰਚ ਮਿੰਟੂ ਦੇ ਘਰ ਸਾਗ ਨਾਲ ਮੱਕੀ ਦੀ ਰੋਟੀ ਖਾਧੀ ਅਤੇ ਲੱਸੀ ਵੀ ਪੀਤੀ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਪਿਆਰ ਤੇ ਮਾਣ ਸਤਿਕਾਰ ਦਿੱਤਾ। ਕੇਂਦਰੀ ਮੰਤਰੀ ਦਾ ਅੱਜ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਹੈ। ਉਹ ਆਪਣੇ ਦੌਰੇ ਦੌਰਾਨ ਮੋਗਾ ਅਤੇ ਜਲੰਧਰ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ‘ਚ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁੱਜਣਗੇ।

ਉਨ੍ਹਾਂ ਕਿਹਾ ਕਿ ਉਹ ਪਰਾਲੀ ਦੇ ਮੁੱਦੇ ਉਤੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਪਰਾਲੀ ਕਿਸਾਨ ਲਈ ਇਕ ਵੱਡੀ ਸਮੱਸਿਆ ਹੈ ਪਰ ਇਸ ਸਮੱਸਿਆ ਨੂੰ ਆਮਦਨ ਵਧਾਉਣ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਗੱਲਬਾਤ ਕੀਤਿਆਂ ਪਰਾਲੀ ਦੇ ਮਸਲੇ ਦਾ ਹੱਲ ਨਹੀਂ ਹੋ ਸਕਦਾ। ਇਸ ਲਈ ਕੇਂਦਰੀ ਮੰਤਰੀ ਅੱਜ ਪੰਜਾਬ ਆਏ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਨੂੰ ਚਿੰਤਤ ਕੀਤਾ ਹੈ ਅਤੇ ਇਸ ਨਾਲ ਖੇਤ ਤਾਂ ਸਾਫ਼ ਹੋ ਜਾਂਦਾ ਸੀ ਪਰ ਨਾਲ ਹੀ ਮਿੱਤਰ ਕੀੜੇ ਵੀ ਸੜ ਜਾਂਦੇ ਸਨ ਅਤੇ ਪ੍ਰਦੂਸ਼ਣ ਦੀ ਸਮੱਸਿਆ ਵੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਪਰਾਲੀ ਨਾ ਸਾੜਨ ਦੇ ਪ੍ਰਯੋਗ ਨੂੰ ਪੂਰੇ ਦੇਸ਼ ‘ਚ ਲਿਜਾਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ 83 ਫ਼ੀਸਦੀ ਦੀ ਕਮੀ ਆਈ ਹੈ।

By Gurpreet Singh

Leave a Reply

Your email address will not be published. Required fields are marked *