ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਅਤੇ ਪੀਓਕੇ ਵਿੱਚ ਹੋਏ ਭਾਰਤੀ “ਆਪਰੇਸ਼ਨ ਸਿੰਦੂਰ” ਤੋਂ ਬਾਅਦ, ਅਪ੍ਰੈਲ ਮਹੀਨੇ ਭਾਰਤ ਸਰਕਾਰ ਵੱਲੋਂ ਕਈ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟਸ ਨੂੰ ਭਾਰਤ ਵਿੱਚ ਬਲਾਕ ਕਰ ਦਿੱਤਾ ਗਿਆ ਸੀ।
ਇਹ ਕਦਮ ਉਸ ਵਕਤ ਚੁੱਕਿਆ ਗਿਆ ਜਦੋਂ ਉਨ੍ਹਾਂ ਕਲਾਕਾਰਾਂ ਨੇ ਭਾਰਤੀ ਫੌਜ ਅਤੇ ਸਰਕਾਰ ਵਿਰੁੱਧ ਵਿਵਾਦਤ ਟਿੱਪਣੀਆਂ ਕੀਤੀਆਂ ਸਨ।
ਹੁਣ ਦੋ ਮਹੀਨੇ ਬਾਅਦ, 2 ਜੁਲਾਈ ਤੋਂ ਕੁਝ ਢਿੱਲ ਵੇਖਣ ਨੂੰ ਮਿਲੀ ਹੈ। ਮਾਵਰਾ ਹੋਕੇਨ, ਯੁਮਨਾ ਜੈਦੀ, ਆਹਦ ਰਜ਼ਾ ਮੀਰ ਅਤੇ ਦਾਨਿਸ਼ ਤੈਮੂਰ ਵਰਗੇ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਉਂਟਸ ਹੁਣ ਭਾਰਤ ਵਿੱਚ ਫਿਰ ਐਕਸੈੱਸ ਹੋਣ ਲੱਗੇ ਹਨ।
ਹਾਲਾਂਕਿ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਇਆ ਕਿ ਇਹ ਪਾਬੰਦੀ ਸਰਕਾਰ ਵੱਲੋਂ ਹਟਾਈ ਗਈ ਹੈ ਜਾਂ ਫਿਰ ਕੋਈ ਤਕਨੀਕੀ ਬਦਲਾਅ ਹੈ। ਨਾ ਹੀ ਭਾਰਤ ਸਰਕਾਰ ਅਤੇ ਨਾ ਹੀ ਇੰਸਟਾਗ੍ਰਾਮ ਵੱਲੋਂ ਇਸ ਮਾਮਲੇ ’ਤੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਆਇਆ ਹੈ।
ਫਵਾਦ, ਹਾਨੀਆ ਤੇ ਮਾਹਿਰਾ ਅਜੇ ਵੀ ਬਲਾਕ
ਜਿੱਥੇ ਕੁਝ ਸਿਤਾਰੇ ਮੁੜ ਇੰਸਟਾਗ੍ਰਾਮ ’ਤੇ ਆ ਗਏ ਹਨ, ਉਥੇ ਹੀ ਅਜੇ ਵੀ ਫਵਾਦ ਖਾਨ, ਮਾਹਿਰਾ ਖਾਨ ਤੇ ਹਾਨੀਆ ਆਮੀਰ ਵਰਗੇ ਵੱਡੇ ਨਾਮਾਂ ਦੇ ਅਕਾਊਂਟ ਭਾਰਤੀ ਯੂਜ਼ਰਜ਼ ਲਈ ਉਪਲਬਧ ਨਹੀਂ ਹਨ। ਜਦੋਂ ਭਾਰਤ ਵਿਚੋਂ ਉਨ੍ਹਾਂ ਦੇ ਪ੍ਰੋਫਾਈਲ ‘ਤੇ ਜਾਇਆ ਜਾਂਦਾ ਹੈ ਤਾਂ ਇਹ ਸੁਨੇਹਾ ਆਉਂਦਾ ਹੈ:
“ਇਹ ਅਕਾਊਂਟ ਭਾਰਤ ਵਿੱਚ ਉਪਲਬਧ ਨਹੀਂ ਹੈ। ਅਸੀਂ ਇਹ ਕੰਟੈਂਟ ਬਲਾਕ ਕਰਨ ਲਈ ਕਾਨੂੰਨੀ ਬੇਨਤੀ ਨੂੰ ਮੰਨਿਆ ਹੈ।”
ਹਾਨੀਆ ਦੀ ਫਿਲਮ ਤੋਂ ਵਧਿਆ ਵਿਵਾਦ
ਹਾਨੀਆ ਆਮੀਰ ਹਾਲ ਹੀ ਵਿੱਚ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਵਿਚ ਨਜ਼ਰ ਆਈ ਸੀ। ਹਾਲਾਂਕਿ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਈ, ਪਰ ਹਾਨੀਆ ਦੀ ਕਾਸਟਿੰਗ ਨੂੰ ਲੈ ਕੇ ਭਾਰਤ ਵਿੱਚ ਕਾਫੀ ਵਿਵਾਦ ਹੋਇਆ। ਕੁਝ ਫਿਲਮੀ ਸੰਸਥਾਵਾਂ ਅਤੇ ਸਿਨੇ ਯੂਨੀਅਨਾਂ ਨੇ ਤਾਂ ਦਿਲਜੀਤ ਦੋਸਾਂਝ ‘ਤੇ ਵੀ ਪਾਬੰਦੀ ਲਗਾਉਣ ਦੀ ਮੰਗ ਕਰ ਦਿੱਤੀ, ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ।
ਹੁਣ ਅੱਗੇ ਕੀ?
ਇਹ ਸਾਰੀ ਪਰਿਸਥਿਤੀ ਵੇਖ ਕੇ ਲੱਗਦਾ ਹੈ ਕਿ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਸਹਿਣਸ਼ੀਲਤਾ ਘੱਟ ਹੋਈ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਸਰਕਾਰ ਅਗਲੇ ਦਿਨਾਂ ਵਿੱਚ ਹੋਰ ਅਕਾਊਂਟਸ ਲਈ ਵੀ ਇਹ ਪਾਬੰਦੀ ਹਟਾਉਂਦੀ ਹੈ ਜਾਂ ਨਹੀਂ।
