ਅੰਮ੍ਰਿਤਸਰ (ਨੈਸ਼ਨਲ ਟਾਈਮਜ਼): ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਨੇੜੇ ਸਥਿਤ ਟੈਕਸੀ ਸਟੈਂਡ ‘ਤੇ ਖੜ੍ਹੀ ਇਕ ਬੋਲੇਰੋ ਗੱਡੀ ਦੀ ਛੱਤ ‘ਤੇ ਬਿਨਾਂ ਧੜ ਵਾਲੀ ਮਨੁੱਖੀ ਖੋਪੜੀ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇਸ ਘਟਨਾ ਦੇ ਨਾਲ ਇਲਾਕੇ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਇਸ ਦੌਰਾਨ ਥਾਣਾ ਡੀ ਡਵੀਜ਼ਨ ਅਧੀਨ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਖੋਪੜੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਜਮ੍ਹਾਂ ਕਰਵਾਇਆ। ਇਸਦੇ ਨਾਲ ਹੀ ਪੁਲਿਸ ਪਾਰਟੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਜਾਂਚ ਪੁਲਿਸ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ।
ਇੰਨਾ ਹੀ ਨਹੀਂ ਸਗੋਂ ਜ਼ਿਲ੍ਹਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਸਾਰੇ ਪੁਲਿਸ ਸਟੇਸ਼ਨਾਂ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ ਤਾਂ ਜੋ ਜੇਕਰ ਕਿਤੇ ਬਿਨਾਂ ਸਿਰ ਵਾਲਾ ਕੋਈ ਅਣਪਛਾਤਾ ਸਰੀਰ ਮਿਲੇ ਤਾਂ ਮ੍ਰਿਤਕ ਦੀ ਪਛਾਣ ਕੀਤੀ ਜਾ ਸਕੇ।
ਸੂਤਰਾਂ ਮੁਤਾਬਕ, ਇਸ ਮਨੁੱਖੀ ਖੋਪੜੀ ‘ਤੇ ਕੁਝ ਕਾਲੇ ਅਤੇ ਸਫੇਦ ਵਾਲ ਹਨ, ਜਿਸ ਕਾਰਨ ਇਹ ਘਟਨਾ ਜ਼ਿਆਦਾ ਪੁਰਾਣੀ ਨਹੀਂ ਜਾਪਦੀ। ਪੁਲਿਸ ਇਸ ਮਾਮਲੇ ਦੀ ਹਰ ਪੱਖੋਂ ਜਾਣਕਾਰੀ ਇਕੱਤਰ ਕਰ ਰਹੀ ਹੈ। ਪਛਾਣ ਲਈ ਖੋਪੜੀ ਨੂੰ 72 ਘੰਟਿਆਂ ਲਈ ਮੋਰਚਰੀ ਵਿਚ ਰੱਖਿਆ ਗਿਆ ਹੈ।
