ਬਠਿੰਡਾ- ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ “ਆਪਰੇਸ਼ਨ ਸ਼ੀਲਡ” ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਗਣਪਤੀ ਇਨਕਲੇਬ ਅਤੇ ਆਰਮੀ ਖੇਤਰ ਵਿੱਚ ਵਿਸ਼ਾਲ ਮੌਕ ਡਰਿੱਲ ਕਰਵਾਈ ਗਈ।
ਇਸ ਮੌਕੇ ਸਿਵਲ ਪ੍ਰਸ਼ਾਸਨ, ਪੁਲਸ, ਸਿਹਤ ਵਿਭਾਗ, ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਅਤੇ ਹੋਰ ਜ਼ਰੂਰੀ ਏਜੰਸੀਜ਼ ਨੇ ਮਿਲ ਕੇ ਐਮਰਜੈਂਸੀ ਹਾਲਾਤਾਂ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਬਚਾਅ ਕਾਰਜਾਂ ਲਈ ਅਭਿਆਸ ਕੀਤਾ। ਡਰਿੱਲ ਦੌਰਾਨ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਇਹ ਸਿਖਲਾਈ ਦਿੱਤੀ ਗਈ ਕਿ ਕਿਸੇ ਵੀ ਐਮਰਜੈਂਸੀ ਜਾਂ ਆਫ਼ਤ ਦੀ ਸਥਿਤੀ ਵਿੱਚ ਕਿਵੇਂ ਸੁਚੱਜੇ ਢੰਗ ਨਾਲ ਰਵੱਈਆ ਅਪਣਾਉਣਾ ਹੈ, ਕਿਵੇਂ ਸੁਰੱਖਿਅਤ ਥਾਵਾਂ ਤੇ ਪੁੱਜਣਾ ਹੈ, ਅਤੇ ਕਿਸ ਤਰ੍ਹਾਂ ਪ੍ਰਸ਼ਾਸਨਕ ਹਦਾਇਤਾਂ ਦੀ ਪਾਲਣਾ ਕਰਨੀ ਹੈ।
ਐੱਸਡੀਐੱਮ ਬਲਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਹ ਮੌਕ ਡਰਿੱਲ ਕੋਈ ਅਸਲ ਘਟਨਾ ਨਹੀਂ, ਬਲਕਿ ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਲਈ ਤਿਆਰ ਕਰਨ ਦੀ ਇੱਕ ਰਣਨੀਤੀਕ ਅਭਿਆਸ ਹੈ। ਉਹਨਾਂ ਕਿਹਾ ਕਿ ਅਜਿਹੇ ਅਭਿਆਸ ਲੋਕਾਂ ਨੂੰ ਨਾ ਸਿਰਫ਼ ਜਾਗਰੂਕ ਬਣਾਉਂਦੇ ਹਨ, ਸਗੋਂ ਹਕੀਕਤੀ ਹਾਲਾਤਾਂ ਵਿੱਚ ਜਾਨ-ਮਾਲ ਦੀ ਰੱਖਿਆ ਲਈ ਵੀ ਬੇਹੱਦ ਲਾਭਕਾਰੀ ਸਾਬਤ ਹੁੰਦੇ ਹਨ।
ਡਰਿੱਲ ਦੌਰਾਨ ਲੋਕਾਂ ਨੂੰ ਅੱਗ ਲੱਗਣ ਦੀ ਸਥਿਤੀ ਵਿੱਚ ਅੱਗ ਬੁਝਾਉਣ ਦੇ ਤਰੀਕੇ, ਪਹਿਲੀ ਮੈਡੀਕਲ ਸਹਾਇਤਾ ਦੇਣ ਅਤੇ ਸੰਬੰਧਤ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸੰਭਾਵੀ ਸਥਿਤੀ ਦੌਰਾਨ ਸਾਇਰਨ ਵਜਾਇਆ ਜਾਵੇਗਾ, ਜਿਸਦੇ ਉਚਿਤ ਅਰਥ ਸਮਝਦਿਆਂ ਲੋਕਾਂ ਨੂੰ ਸੁਚਿਤ ਥਾਵਾਂ ਤੇ ਇਕੱਠੇ ਹੋਣ ਦੀ ਸਿਖਲਾਈ ਦਿੱਤੀ ਗਈ।
ਇਸ ਮੌਕੇ ਸਪਸ਼ਟ ਕੀਤਾ ਗਿਆ ਕਿ ਇਹ ਸਿਰਫ਼ ਇੱਕ ਅਭਿਆਸ ਹੈ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਜ਼ਰੂਰੀ ਜਾਣਕਾਰੀ ਲਈ ਪ੍ਰਸ਼ਾਸਨ ਵੱਲੋਂ ਜਾਰੀ ਹੈਲਪਲਾਈਨ ਨੰਬਰ 0164-2862100 ਅਤੇ 2862101 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਰਿੱਲ ਵਿੱਚ ਐੱਨਸੀਸੀ, ਐੱਨਐੱਸਐੱਸ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੇ ਵੀ ਭਰਪੂਰ ਭੂਮਿਕਾ ਨਿਭਾਈ। ਇਹ ਉਪਰਾਲਾ ਸਿਰਫ਼ ਇੱਕ ਅਭਿਆਸ ਨਹੀਂ, ਸਗੋਂ ਇੱਕ ਸੋਚ ਹੈ ਜੋ ਸੁਰੱਖਿਆ ਸੰਬੰਧੀ ਚੋਕੀਦਾਰੀ ਅਤੇ ਚੁਸਤੀ ਨੂੰ ਮਜ਼ਬੂਤ ਕਰਦੀ ਹੈ।
