ਹਰਿਆਣਾ, ਨੈਸ਼ਨਲ ਟਾਈਮਜ਼ ਬਿਊਰੋ :- ਮੇਰਠ ਦੇ ਸੌਰਭ ਰਾਜਪੂਤ ਕਤਲ ਕੇਸ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ, ਜਿੱਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਹੁਣ ਇਕ ਹੋਰ ਐਸੀ ਹੀ ਦਿਲ ਦਹਿਲਾਉਣ ਵਾਲੀ ਘਟਨਾ ਹਰਿਆਣਾ ਦੇ ਰੋਹਤਕ ਵਿੱਚ ਸਾਹਮਣੇ ਆਈ ਹੈ, ਜਿੱਥੇ ਪਤੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੀ ਪਤਨੀ ਦੇ ਪ੍ਰੇਮੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ।ਇਹ ਮਾਮਲਾ ਬਾਬਾ ਮਸਤਨਾਥ ਯੂਨੀਵਰਸਿਟੀ ਦੇ ਯੋਗਾ ਅਧਿਆਪਕ ਜਗਦੀਪ ਦੇ ਕਤਲ ਨਾਲ ਜੁੜਿਆ ਹੋਇਆ ਹੈ। 24 ਦਸੰਬਰ ਨੂੰ ਜਗਦੀਪ ਨੂੰ ਅਗਵਾ ਕਰ ਲਿਆ ਗਿਆ ਸੀ, ਪਰ 3 ਮਹੀਨੇ ਤੱਕ ਉਸਦਾ ਕੋਈ ਪਤਾ ਨਹੀਂ ਸੀ। 24 ਮਾਰਚ ਨੂੰ, ਪੁਲਿਸ ਨੇ ਚਰਖੀ ਦਾਦਰੀ ਦੇ ਪੰਤਵਾਸ ਪਿੰਡ ਵਿੱਚੋਂ ਇੱਕ 7 ਫੁੱਟ ਡੂੰਘੇ ਟੋਏ ਵਿੱਚੋਂ ਉਸਦੀ ਲਾਸ਼ ਬਰਾਮਦ ਕੀਤੀ।
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਜਗਦੀਪ ਨੂੰ ਅਗਵਾ ਕਰਕੇ ਬੇਹਦ ਤਸ਼ੱਦਦ ਕੀਤਾ ਗਿਆ, ਉਸਦੇ ਹੱਥ-ਪੈਰ ਬੰਨ੍ਹ ਕੇ ਟੋਏ ਵਿੱਚ ਜ਼ਿੰਦਾ ਦੱਬ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਅਗਵਾ ਹੋਣ ਤੋਂ 10 ਦਿਨ ਬਾਅਦ ਹੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ, ਪਰ ਪੁਲਿਸ 3 ਮਹੀਨੇ ਤੱਕ ਉਸਦੀ ਭਾਲ ਕਰਦੀ ਰਹੀ। ਆਖ਼ਿਰਕਾਰ, 24 ਮਾਰਚ ਨੂੰ ਪੁਲਿਸ ਨੇ ਲਾਸ਼ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।ਹੁਣ ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਹੋਰ ਖੁਲਾਸੇ ਹੋ ਸਕਣ। ਇਹ ਮਾਮਲਾ ਇੱਕ ਵਾਰ ਫਿਰ ਪ੍ਰੇਮ ਸੰਬੰਧਾਂ ਵਿੱਚ ਹੋ ਰਹੀਆਂ ਅਪਰਾਧਕ ਘਟਨਾਵਾਂ ਵੱਲ ਧਿਆਨ ਖਿੱਚ ਰਿਹਾ ਹੈ।
