ਨੀਟ ਵਿਦਿਆਰਥੀਆਂ ਦੇ ਸਮਰਥਨ ‘ਚ ਆਏ ਅਰਵਿੰਦ ਕੇਜਰੀਵਾਲ, ਕਿਹਾ- “ਹਿੰਮਤ ਨਾ ਹਾਰੋ, ਤੁਸੀਂ ਜ਼ਰੂਰ ਡਾਕਟਰ ਬਣੋਗੇ”

ਨਵੀਂ ਦਿੱਲੀ, 19 ਮਈ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਨੀਟ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਤਣਾਅ ਵਿੱਚ ਜੀ ਰਹੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਦਾ ਯਤਨ ਸਫਲ ਹੋ ਰਿਹਾ ਹੈ। ਦੋ ਦਿਨ ਪਹਿਲਾਂ ਕੀਤੀ ਗਈ ਅਰਵਿੰਦ ਕੇਜਰੀਵਾਲ ਦੀ ਅਪੀਲ ਨੂੰ ਨਾ ਸਿਰਫ਼ 50 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ, ਸਗੋਂ ਹਜ਼ਾਰਾਂ ਪ੍ਰੀਖਿਆਰਥੀਆਂ ਨੇ ਉਨ੍ਹਾਂ ਨਾਲ ਆਪਣੀਆਂ ਭਾਵਨਾਵਾਂ ਅਤੇ ਨੀਟ ਨੂੰ ਪਾਰਦਰਸ਼ੀ ਬਣਾਉਣ ਨੂੰ ਲੈ ਕੇ ਸੁਝਾਅ ਵੀ ਸਾਂਝੇ ਕੀਤੇ ਹਨ। ਵਿਦਿਆਰਥੀਆਂ ਵੱਲੋਂ ਆਏ ਜ਼ਬਰਦਸਤ ਹੁੰਗਾਰੇ ਨੂੰ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਸਫਲਤਾ ਦਾ ਮੰਤਰ ਦਿੰਦਿਆਂ ਕਿਹਾ ਕਿ ਮੈਂ ਤੁਹਾਡੇ ਨਾਲ ਖੜ੍ਹਾ ਹਾਂ। ਸਾਰੇ ਵਿਦਿਆਰਥੀ ਇਹ ਸੰਕਲਪ ਲੈਣ ਕਿ ਤੁਸੀਂ ਹਰ ਹਾਲ ਵਿੱਚ ਡਾਕਟਰ ਬਣਨਾ ਹੈ। ਤੁਸੀਂ ਆਪਣਾ ਇਰਾਦਾ ਮਜ਼ਬੂਤ ਰੱਖੋ। ਤੁਹਾਡਾ ਇਹ ਦ੍ਰਿੜ ਸੰਕਲਪ ਹੀ ਤੁਹਾਡੇ ਡਾਕਟਰ ਬਣਨ ਦੇ ਰਾਹ ਨੂੰ ਆਸਾਨ ਕਰੇਗਾ। ਉਨ੍ਹਾਂ ਕਿਹਾ ਕਿ 21 ਜੂਨ ਨੂੰ ਦੁਬਾਰਾ ਹੋਣ ਜਾ ਰਹੀ ਨੀਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਵਿੱਚ ਸਰਕਾਰ ਮੁਫ਼ਤ ਬੱਸ ਸੇਵਾ ਉਪਲਬਧ ਕਰਵਾਏਗੀ।

ਮੰਗਲਵਾਰ ਨੂੰ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਨੇ ਨੀਟ ਪ੍ਰੀਖਿਆਰਥੀਆਂ ਨੂੰ ਕਿਹਾ ਕਿ ਅਜੇ ਦੋ ਦਿਨ ਪਹਿਲਾਂ ਮੈਂ ਨੀਟ ਦੇ ਇਮਤਿਹਾਨ ਬਾਰੇ ਇੱਕ ਵੀਡੀਓ ਪਾਈ ਸੀ, ਜਿਸ ਵਿੱਚ ਤੁਹਾਡੀਆਂ ਭਾਵਨਾਵਾਂ ਅਤੇ ਸੁਝਾਅ ਮੰਗੇ ਸਨ। 50 ਲੱਖ ਤੋਂ ਵੱਧ ਲੋਕ ਹੁਣ ਤੱਕ ਉਸ ਨੂੰ ਦੇਖ ਚੁੱਕੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੇ ਕੁਮੈਂਟ ਅਤੇ ਮੈਸੇਜ ਆਏ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਆਪਣੇ ਅੰਦਰ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਤੁਸੀਂ ਮੇਰੇ ‘ਤੇ ਇੰਨਾ ਭਰੋਸਾ ਕੀਤਾ, ਇਸ ਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਹਾਂ। ਬਹੁਤ ਸਾਰੇ ਲੋਕਾਂ ਨੇ ਧੰਨਵਾਦ ਕਿਹਾ ਹੈ। ਸੁਜਾਤਾ ਸੂਜੀ ਕਹਿੰਦੀ ਹੈ, “ਥੈਂਕ ਯੂ ਸਰ। ਤੁਸੀਂ ਹੀ ਸਟੂਡੈਂਟਸ ਦੀ ਸੱਚਮੁੱਚ ਫ਼ਿਕਰ ਕਰਦੇ ਹੋ।” ਰਾਹੁਲ ਨਾਇਕ ਕਹਿੰਦੇ ਹਨ, “ਸਾਨੂੰ ਸੱਚਮੁੱਚ ਇਸ ਸਮੇਂ ਇਸ ਸਪੋਰਟ ਦੀ ਲੋੜ ਸੀ ਸਰ। ਥੈਂਕ ਯੂ ਕੇਜਰੀਵਾਲ ਜੀ।” ਮੈਂ ਪੁੱਛਦਾ ਹਾਂ ਕਿ ਧੰਨਵਾਦ ਕਿਸ ਲਈ? ਤੁਸੀਂ ਸਾਰੇ ਤਾਂ ਮੇਰੇ ਬੱਚੇ ਹੋ। ਮੇਰੇ ਦੋ ਬੱਚੇ ਹਨ ਅਤੇ ਉਹ ਦੋਵੇਂ ਆਈਆਈ.ਟੀ ਦਿੱਲੀ ਤੋਂ ਪੜ੍ਹੇ ਹਨ। ਜੇਕਰ ਉਨ੍ਹਾਂ ਦੇ ਇਗਜ਼ਾਮ ਕੈਂਸਲ ਹੋ ਜਾਂਦੇ, ਤਾਂ ਮੈਂ ਉਨ੍ਹਾਂ ਲਈ ਵੀ ਇਹੀ ਕਰ ਰਿਹਾ ਹੁੰਦਾ ਅਤੇ ਉਨ੍ਹਾਂ ਲਈ ਵੀ ਲੜ ਰਿਹਾ ਹੁੰਦਾ। ਤੁਸੀਂ ਸਾਰੇ ਮੇਰੇ ਬੱਚੇ ਹੋ, ਇਸ ਲਈ ਮੈਂ ਤੁਹਾਡੇ ਲਈ ਵੀ ਉਸੇ ਤਰ੍ਹਾਂ ਲੜ ਰਿਹਾ ਹਾਂ ਜਿਵੇਂ ਆਪਣੇ ਬੱਚਿਆਂ ਲਈ ਲੜ ਰਿਹਾ ਹੁੰਦਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਬੱਚਿਆਂ ਨੇ ਆਪਣੀਆਂ ਬਹੁਤ ਡੂੰਘੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਜਿਵੇਂ ਅਬੂ ਬਸ਼ਰ ਲਿਖਦੇ ਹਨ, “ਹੈਲੋ ਸਰ, ਇਹ ਮੇਰੀ ਤੀਜੀ ਕੋਸ਼ਿਸ਼ ਹੈ। ਮੈਂ 2024 ਵਿੱਚ 1.5 ਲੱਖ ਕੋਚਿੰਗ ਫੀਸ ਦੇ ਕੇ ਪੇਪਰ ਦਿੱਤਾ। ਚੰਗੇ ਨੰਬਰ ਆਏ, ਪਰ ਤਦ ਵੀ ਪੇਪਰ ਲੀਕ ਹੋ ਗਿਆ। ਹੁਣ ਇਸ ਸਾਲ ਸਿਰਫ਼ ਸੈਲਫ ਸਟੱਡੀ ਕਰਕੇ ਦਿੱਤਾ। ਇਗਜ਼ਾਮ ਚੰਗਾ ਗਿਆ ਅਤੇ ਪਰਿਵਾਰ ਨਾਲ ਸੈਲੀਬ੍ਰੇਟ ਵੀ ਕਰ ਲਿਆ, ਪਰ ਪੇਪਰ ਕੈਂਸਲ ਹੋ ਗਿਆ। ਸੱਚਮੁੱਚ ਸਰ, ਬਹੁਤ ਡਿਪ੍ਰੈਸਡ ਹਾਂ।” ਵਿਕਾਸ ਯਾਦਵ ਲਿਖਦੇ ਹਨ, “ਇਹ ਮੇਰੀ ਪੰਜਵੀਂ ਅਟੈਂਪਟ ਸੀ। ਮੈਂ ਇਸ ਇਗਜ਼ਾਮ ਲਈ ਬਹੁਤ ਮਿਹਨਤ ਕੀਤੀ ਸੀ। ਪਿਛਲੇ 2 ਮਹੀਨਿਆਂ ਵਿੱਚ ਕਦੇ-ਕਦੇ ਸਿਰਫ਼ 3 ਘੰਟੇ ਸੌਂਦਾ ਸੀ ਸਰ। 3 ਮਈ ਲਈ ਅਸੀਂ ਮਾਨਸਿਕ ਤੌਰ ‘ਤੇ ਤਿਆਰ ਸੀ, ਹੁਣ 21 ਜੂਨ ਲਈ ਮੋਟੀਵੇਸ਼ਨ ਕਿੱਥੋਂ ਲਿਆਵਾਂ ਸਰ?” ਇੱਕ ਬੱਚੇ ਨੇ ਲਿਖਿਆ ਹੈ, “ਹੁਣ ਮੇਰੇ ਵਿੱਚ ਹਿੰਮਤ ਨਹੀਂ ਬਚੀ।” ਇਹ ਕੀ ਹੈ ਬੱਚੇ? ਹਿੰਮਤ ਨਹੀਂ ਬਚੀ ਦਾ ਕੀ ਮਤਲਬ ਹੈ?

ਅਰਵਿੰਦ ਕੇਜਰੀਵਾਲ ਨੇ ਅੱਗੇ ਵਿਦਿਆਰਥੀਆਂ ਨੂੰ ਇੱਕ ਮੰਤਰ ਦਿੱਤਾ ਕਿ ਆਪਣਾ ਇਰਾਦਾ ਮਜ਼ਬੂਤ ਕਰ ਲਓ ਕਿ ਮੈਂ ਡਾਕਟਰ ਬਣਨਾ ਹੀ ਬਣਨਾ ਹੈ, ਕਿਸੇ ਵੀ ਹਾਲਤ ਵਿੱਚ ਬਣਨਾ ਹੈ। ਚਾਹੇ ਕਿੰਨੀਆਂ ਵੀ ਮੁਸ਼ਕਿਲਾਂ ਆਉਣ, ਚਾਹੇ ਕਿੰਨਾ ਵੀ ਸੰਘਰਸ਼ ਕਰਨਾ ਪਵੇ। ਇੱਕ ਵਾਰ ਜਦੋਂ ਤੁਸੀਂ ਦ੍ਰਿੜ ਨਿਸ਼ਚਾ ਕਰ ਲੈਂਦੇ ਹੋ, ਤਾਂ ਇਸ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਤੁਹਾਡੀ ਮਦਦ ਕਰਦੀਆਂ ਹਨ ਅਤੇ ਰੱਬ ਵੀ ਤੁਹਾਡੀ ਮਦਦ ਕਰਦਾ ਹੈ। ਤੁਸੀਂ ਸਾਰੇ ਡਾਕਟਰ ਬਣੋਗੇ। ਕਿਸੇ ਵੀ ਹਾਲਤ ਵਿੱਚ ਹਿੰਮਤ ਨਹੀਂ ਹਾਰਨੀ। 21 ਜੂਨ ਦੀ ਚੰਗੀ ਤਰ੍ਹਾਂ ਤਿਆਰੀ ਕਰੋ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਕੁਝ ਲੋਕਾਂ ਨੇ ਮੈਨੂੰ ਲਿਖਿਆ ਹੈ ਕਿ ਸਰ ਪੇਪਰ ਲੀਕ ਹੋਣਾ ਬੰਦ ਹੋ ਸਕਦਾ ਹੈ ਕੀ? ਬਿਲਕੁਲ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੀ 10 ਸਾਲ ਦਿੱਲੀ ਵਿੱਚ ਸਰਕਾਰ ਸੀ, ਇੱਕ ਵੀ ਪੇਪਰ ਲੀਕ ਨਹੀਂ ਹੋਇਆ। 4 ਸਾਲਾਂ ਤੋਂ ਪੰਜਾਬ ਵਿੱਚ ਸਰਕਾਰ ਹੈ, ਇੱਕ ਵੀ ਪੇਪਰ ਲੀਕ ਨਹੀਂ ਹੋਇਆ। ਅਜਿਹਾ ਇਸ ਲਈ ਕਿਉਂਕਿ ਅਸੀਂ ਲੋਕ ਇਮਾਨਦਾਰ ਹਾਂ। ਜੇਕਰ ਸਿਸਟਮ ਦੇ ਸਿਖਰ ‘ਤੇ ਬੈਠੇ ਲੋਕ ਇਮਾਨਦਾਰ ਹੋਣ, ਤਾਂ ਪੇਪਰ ਲੀਕ ਨਹੀਂ ਹੋਣਗੇ। ਅਤੇ ਜੇਕਰ ਸਿਸਟਮ ਦੇ ਸਿਖਰ ‘ਤੇ ਬੈਠੇ ਲੋਕ ਬੇਈਮਾਨ ਅਤੇ ਭ੍ਰਿਸ਼ਟ ਹੋਣ, ਤਾਂ ਰੋਜ਼ ਪੇਪਰ ਲੀਕ ਹੋਣਗੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਬੱਚਿਆਂ ਨੇ ਲਿਖਿਆ ਹੈ, “ਸਰ ਸਾਡੇ ਕੋਲ ਇੰਨੇ ਵੀ ਪੈਸੇ ਨਹੀਂ ਹਨ ਕਿ ਅਸੀਂ ਬੱਸ ਦਾ ਕਿਰਾਇਆ ਦੇ ਸਕੀਏ।” ਤਾਂ ਮੈਂ ਬੁੱਧਵਾਰ ਨੂੰ ਪੰਜਾਬ ਜਾ ਰਿਹਾ ਹਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਾਂਗਾ। ਘੱਟੋ-ਘੱਟ ਪੰਜਾਬ ਵਿੱਚ ਜਿਸ ਦਿਨ ਤੁਹਾਡਾ ਪੇਪਰ ਹੋਵੇਗਾ, ਅਸੀਂ ਬੱਸਾਂ ਵਿੱਚ ਤੁਹਾਡਾ ਆਉਣ-ਜਾਣ ਦਾ ਖਰਚਾ ਮੁਫ਼ਤ ਕਰ ਦੇਵਾਂਗੇ। ਹਿੰਮਤ ਨਾ ਹਾਰੋ। ਅਸੀਂ ਤੁਹਾਡੇ ਨਾਲ ਹਾਂ ਅਤੇ ਰੱਬ ਤੁਹਾਡੇ ਨਾਲ ਹੈ। ਤੁਸੀਂ ਸਾਰੇ ਡਾਕਟਰ ਜ਼ਰੂਰ ਬਣੋਗੇ।

“ਆਪ” ਦੇ ਕੌਮ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਕਸ ‘ਤੇ ਕਿਹਾ ਕਿ ਪਿਆਰੇ ਨੀਟ ਦੇ ਵਿਦਿਆਰਥੀਓ, ਤੁਹਾਡੇ ਅਣਗਿਣਤ ਸੁਨੇਹਿਆਂ ਅਤੇ ਤੁਹਾਡੀਆਂ ਭਾਵਨਾਵਾਂ ਦੀ ਡੂੰਘਾਈ ਨੇ ਮੈਨੂੰ ਬਹੁਤ ਭਾਵੁਕ ਕਰ ਦਿੱਤਾ ਹੈ। ਤੁਸੀਂ ਮੇਰੇ ‘ਤੇ ਜੋ ਅਟੁੱਟ ਭਰੋਸਾ ਜਤਾਇਆ ਹੈ, ਉਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਇਸ ਸਮੇਂ ਪੂਰੀ ਮਜ਼ਬੂਤੀ ਨਾਲ ਡਟੇ ਰਹੋ। ਅੱਜ ਹੀ ਇਹ ਦ੍ਰਿੜ ਸੰਕਲਪ ਲਓ ਕਿ ਅਸੀਂ ਡਾਕਟਰ ਬਣ ਕੇ ਹੀ ਰਹਾਂਗੇ। ਪ੍ਰਮਾਤਮਾ ਤੁਹਾਡਾ ਸਭ ਦਾ ਭਲਾ ਕਰੇ।

By Gurpreet Singh

Leave a Reply

Your email address will not be published. Required fields are marked *