ਨੈਸ਼ਨਲ ਟਾਈਮਜ਼ ਬਿਊਰੋ :- 5 ਅਪ੍ਰੈਲ ਤੋਂ ਦਿੱਲੀ ਵਾਸੀਆਂ ਲਈ ਆਰੰਭ ਹੋਣ ਜਾ ਰਹੀ ਹੈ ਆਯੁਸ਼ਮਾਨ ਭਾਰਤ ਯੋਜਨਾ, ਜਿਸ ਨਾਲ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਇਲਾਜ ਦੀ ਵੱਡੀ ਸੌਗਾਤ ਮਿਲੇਗੀ। ਪਹਿਲੀ ਵਾਰ ਦਿੱਲੀ ਵਿੱਚ ਇਹ ਯੋਜਨਾ ਲਾਗੂ ਹੋ ਰਹੀ ਹੈ। ਹੁਣ ਤੱਕ ਇਹ ਯੋਜਨਾ ਰਾਸ਼ਟਰੀ ਰਾਜਧਾਨੀ ਵਿੱਚ ਲਾਗੂ ਨਹੀਂ ਸੀ। ਭਾਜਪਾ ਸਰਕਾਰ ਦੇ ਗਠਨ ਤੋਂ ਬਾਅਦ ਇਹ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ।
ਦਿੱਲੀ ਦੇ ਨਿਵਾਸੀਆਂ ਨੂੰ ਹੁਣ ਹੋਰ ਸੂਬਿਆਂ ਨਾਲੋਂ ਦੋਹਣਾ ਲਾਭ ਮਿਲੇਗਾ। ਜਿੱਥੇ ਹੋਰ ਸੂਬਿਆਂ ਵਿੱਚ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ, ਉੱਥੇ ਦਿੱਲੀ ਵਿੱਚ ਇਹ ਸੀਮਾ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਵਿੱਚ 5 ਲੱਖ ਰੁਪਏ ਦੀ ਮੁਲ ਸਹਾਇਤਾ ਦੇ ਨਾਲ 5 ਲੱਖ ਦਾ ਵਾਧੂ ਟੌਪ-ਅੱਪ ਕਵਰ ਸ਼ਾਮਲ ਹੋਵੇਗਾ।
ਦਿੱਲੀ ਸਰਕਾਰ ਦੇ ਸਿਹਤ ਮੰਤਰੀ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਘਰੀਬ ਅਤੇ ਲੋੜਵੰਦ ਲੋਕਾਂ ਨਾਲ ਕੀਤੀ ਜਾਵੇਗੀ। ਪਹਿਲਾਂ ਉਨ੍ਹਾਂ ਲਾਭਪਾਤਰੀਆਂ ਨੂੰ ਆਯੁਸ਼ਮਾਨ ਕਾਰਡ ਜਾਰੀ ਕੀਤੇ ਜਾਣਗੇ ਜਿਨ੍ਹਾਂ ਕੋਲ ਅੰਤੋਦਯ ਅੰਨ ਯੋਜਨਾ (AAY) ਦੇ ਰਾਸ਼ਨ ਕਾਰਡ ਹਨ। 10 ਅਪ੍ਰੈਲ ਤੱਕ ਸਰਕਾਰ ਦਾ ਲਕਸ਼ 1 ਲੱਖ ਆਯੁਸ਼ਮਾਨ ਕਾਰਡ ਜਾਰੀ ਕਰਨ ਦਾ ਹੈ।
ਫਿਲਹਾਲ ਦਿੱਲੀ ਦੇ 70 ਤੋਂ ਵੱਧ ਹਸਪਤਾਲਾਂ ਵਿੱਚ ਆਯੁਸ਼ਮਾਨ ਕਾਰਡ ਮਾਨਯਤਾ ਪ੍ਰਾਪਤ ਹਨ, ਜਿਨ੍ਹਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ ਤਾਂ ਜੋ ਵਧ ਤੋਂ ਵਧ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਣ।
ਆਯੁਸ਼ਮਾਨ ਕਾਰਡ ਬਣਵਾਉਣ ਲਈ ਆਨਲਾਈਨ ਅਤੇ ਆਫਲਾਈਨ ਦੋਨੋ ਤਰੀਕੇ ਹਨ। ਆਨਲਾਈਨ ਲਈ ਸਰਕਾਰੀ ਵੈਬਸਾਈਟ https://pmjay.gov.in ਜਾਂ https://beneficiary.nha.gov.in ਤੇ ਜਾ ਕੇ ਰਜਿਸਟਰੇਸ਼ਨ ਕੀਤਾ ਜਾ ਸਕਦਾ ਹੈ। ਆਫਲਾਈਨ ਕਾਰਡ ਲਈ ਨੇੜਲੇ ਕਾਮਨ ਸਰਵਿਸ ਸੈਂਟਰ, ਹਸਪਤਾਲ ਜਾਂ ਲੋਕ ਸੇਵਾ ਕੇਂਦਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
