ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਨਸ਼ਾ ਤਸਕਰੀ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਅੰਦਰ ਇਕ ਵੱਡਾ ਐਕਸ਼ਨ ਲੈਦਿਆਂ ਭਗਵੰਤ ਮਾਨ ਸਰਕਾਰ ਨੇ 17 ਗ੍ਰਾਮ ਹੈਰੋਇਨ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨਾ ਸਿਰਫ਼ ਗ੍ਰਿਫ਼ਤਾਰ ਕੀਤਾ ਹੈ, ਸਗੋਂ ਉਸਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਅਮਨਦੀਪ ਕੌਰ 14 ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਸੇਵਾ ਕਰ ਰਹੀ ਸੀ, ਪਰ ਦੋ ਵਾਰ ਮੁਅੱਤਲ ਹੋਣ ਅਤੇ 31 ਤਬਾਦਲੇ ਦਰਸਾਉਂਦੇ ਹਨ ਕਿ ਉਹ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਸੀ। ਕੋਰੋਨਾ ਸਮੇਂ ਦੌਰਾਨ ਐਂਬੂਲੈਂਸ ਡਰਾਈਵਰ ਬਲਵਿੰਦਰ ਸਿੰਘ ਨਾਲ ਨੇੜਤਾ ਵਧੀ ਅਤੇ ਦੋਵੇਂ ਨੇ ਮਿਲ ਕੇ ਨਸ਼ੇ ਦੀ ਤਸਕਰੀ ਦੀ ਸਕੀਮ ਚਲਾਈ। ਐਂਬੂਲੈਂਸ ਅਤੇ ਪੁਲਿਸ ਦੀ ਵਰਦੀ ਦੀ ਆੜ ਲੈ ਕੇ ਇਹ ਗੈਰਕਾਨੂੰਨੀ ਕਾਰੋਬਾਰ ਕੀਤਾ ਜਾਂਦਾ ਸੀ।
ਮੁਲਜ਼ਮ ਬਲਵਿੰਦਰ ਸਿੰਘ ਦੀ ਪਤਨੀ ਨੇ ਸਨਸਨੀਖੇਜ਼ ਖੁਲਾਸੇ ਕਰਦਿਆਂ ਦੱਸਿਆ ਕਿ ਅਮਨਦੀਪ ਕੌਰ ਅਕਸਰ ਉਨ੍ਹਾਂ ਦੇ ਘਰ ਆਉਂਦੀ ਸੀ ਅਤੇ ਨਸ਼ਾ ਕਾਰੋਬਾਰ ਵਿੱਚ ਲੀਡਰ ਰੂਪ ਵਿੱਚ ਕੰਮ ਕਰਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵਿਭਾਗ ਦੇ ਕੁਝ ਹੋਰ ਅਧਿਕਾਰੀ ਵੀ ਇਸ ਰੈਕਟ ਵਿੱਚ ਸ਼ਾਮਲ ਹੋ ਸਕਦੇ ਹਨ। ਬਾਵਜੂਦ ਕਈ ਸ਼ਿਕਾਇਤਾਂ ਦੇ, ਕਾਰਵਾਈ ਨਹੀਂ ਹੋਈ, ਜੋ ਸਿਸਟਮ ਵਿੱਚ ਘੁੱਸਪੈਠ ਦੀ ਸੰਭਾਵਨਾ ਵਧਾ ਦਿੰਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਰੁਖ ਅਪਣਾਉਂਦਿਆਂ ਐਲਾਨ ਕੀਤਾ ਹੈ ਕਿ ਅਮਨਦੀਪ ਕੌਰ ਦੇ ਘਰ ਤੇ ਬੁਲਡੋਜ਼ਰ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਵਿਰੁੱਧ ਲੜਾਈ ਵਿੱਚ ਕੋਈ ਵੀ ਨੌਕਰੀ ਜਾਂ ਰੁਤਬਾ ਨਹੀਂ ਦੇਖਿਆ ਜਾਵੇਗਾ, ਜੋ ਨਸ਼ੇ ਨਾਲ ਜੁੜਿਆ ਮਿਲਿਆ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।
