ਪੰਜਾਬ ‘ਚ ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਬੁਰੀ ਖ਼ਬਰ, ਪਾਵਰਕਾਮ ਨੇ ਕਰ ‘ਤੀ ਵੱਡੀ ਕਾਰਵਾਈ

ਖਰੜ : ਬਕਾਇਆ ਬਿਜਲੀ ਬਿੱਲਾਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ.ਸੀ. ਐੱਲ.) ਨੇ ਖਰੜ ਸਮੇਤ ਪੰਜ ਡਵੀਜ਼ਨਾਂ ’ਚ ਇਕੱਠੇ ਵਿਸ਼ੇਸ਼ ਮੁਹਿੰਮ ਚਲਾ ਕੇ ਵੱਡੀ ਕਾਰਵਾਈ ਕੀਤੀ। ਮੁਹਿੰਮ ਦੌਰਾਨ ਜਿੱਥੇ ਕਰੀਬ 1.29 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ, ਉੱਥੇ ਹੀ ਬਕਾਇਆ ਬਿੱਲ ਨਾ ਭਰਨ ਵਾਲੇ 1014 ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਅਸਥਾਈ ਤੌਰ ’ਤੇ ਕੱਟ ਦਿੱਤੇ ਗਏ। ਪਾਵਰਕਾਮ ਵੱਲੋਂ ਇਹ ਮੁਹਿੰਮ ਮੁੱਖ ਇੰਜੀਨੀਅਰ ਦੱਖਣ ਜ਼ੋਨ ਇੰਜ. ਆਰ. ਕੇ. ਮਿੱਤਲ ਤੇ ਡਿਪਟੀ ਮੁੱਖ ਇੰਜੀਨੀਅਰ ਡੀ. ਐੱਸ. ਸਰਕਲ ਰੋਪੜ ਇੰਜ. ਮੋਹਿਤ ਸੂਦ ਦੀ ਨਿਗਰਾਨੀ ਹੇਠ ਚਲਾਈ ਗਈ।

ਇਹ ਕਾਰਵਾਈ ਖਰੜ, ਕੁਰਾਲੀ, ਸਮਰਾਲਾ, ਰੋਪੜ ਅਤੇ ਅਨੰਦਪੁਰ ਸਾਹਿਬ ਡਵੀਜ਼ਨਾਂ ’ਚ ਇਕੱਠੇ ਸ਼ੁਰੂ ਕੀਤੀ ਗਈ, ਜਿਸ ਦਾ ਮਕਸਦ ਲੰਬੇ ਸਮੇਂ ਤੋਂ ਬਕਾਇਆ ਰਕਮ ਦੀ ਵਸੂਲੀ ਕਰਕੇ ਨਿਗਮ ਦੀ ਰੈਵਨਿਊ ਸਥਿਤੀ ਮਜ਼ਬੂਤ ਕਰਨਾ ਹੈ। ਇਸ ਸਬੰਧੀ ਇੰਜ. ਇੰਦਰਪ੍ਰੀਤ ਸਿੰਘ (ਏ. ਐੱਸ. ਈ.) ਖਰੜ ਨੇ ਦੱਸਿਆ ਕਿ 315 ਖਪਤਕਾਰਾਂ ਨੇ ਮੌਕੇ ’ਤੇ ਹੀ ਆਪਣੇ ਬਕਾਇਆ ਬਿੱਲ ਜਮ੍ਹਾਂ ਕਰਵਾਏ, ਜਿਸ ਨਾਲ ਨਿਗਮ ਨੂੰ ਕਰੀਬ 1.29 ਕਰੋੜ ਰੁਪਏ ਦੀ ਆਮਦਨ ਹੋਈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖ਼ਪਤਕਾਰਾਂ ਨੇ ਵਾਰ-ਵਾਰ ਨੋਟਿਸਾਂ ਦੇ ਬਾਵਜੂਦ ਭੁਗਤਾਨ ਨਹੀਂ ਕੀਤਾ, ਉਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਹਨ ਤੇ ਇਨ੍ਹਾਂ ਡਿਫ਼ਾਲਟਰਾਂ ’ਤੇ ਕਰੀਬ 3.7 ਕਰੋੜ ਰੁਪਏ ਦੀ ਰਕਮ ਬਕਾਇਆ ਹੈ।

ਅਧਿਕਾਰੀਆਂ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਕਾਇਆ ਬਿੱਲ ਤੁਰੰਤ ਜਮ੍ਹਾਂ ਕਰਵਾਉਣ, ਨਹੀਂ ਤਾਂ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਜਾਰੀ ਰਹੇਗੀ। ਅਧਿਕਾਰੀਆਂ ਨੇ ਖ਼ਪਤਕਾਰਾਂ ਨੂੰ ‘ਪੀ. ਐੱਸ. ਪੀ. ਸੀ. ਐੱਲ. ਕੰਜ਼ਿਊਮਰ’ ਐਪ ਰਾਹੀਂ ਬਿਜਲੀ ਬਿੱਲਾਂ ਦਾ ਆਨਲਾਈਨ ਭੁਗਤਾਨ, ਬਿੱਲਾਂ ਦੀ ਜਾਣਕਾਰੀ ਪ੍ਰਾਪਤ ਕਰਨ, ਸ਼ਿਕਾਇਤ ਦਰਜ ਕਰਨ ਅਤੇ ਹੋਰ ਸੇਵਾਵਾਂ ਦਾ ਲਾਭ ਆਸਾਨੀ ਨਾਲ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਧਾਨ ਅਤੇ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਨਿਗਮ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦੀ ਵਿਸ਼ਾਲ ਪੱਧਰ ’ਤੇ ਮੇਂਟੇਨੈਂਸ ਅਤੇ ਸਮਰੱਥਾ ਵਧਾਉਣ ਦਾ ਕੰਮ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਤੇ ਹੋਰ ਖ਼ਪਤਕਾਰਾਂ ਨੂੰ ਭਰੋਸੇਯੋਗ ਬਿਜਲੀ ਸਪਲਾਈ ਮਿਲ ਸਕੇ।



 

By Gurpreet Singh

Leave a Reply

Your email address will not be published. Required fields are marked *