ਬੰਗਲਾਦੇਸ਼ੀ ਟ੍ਰਿਬਿਊਨਲ ਨੇ ਸ਼ੇਖ਼ ਹਸੀਨਾ ਨੂੰ ਸੁਣਾਈ ਛੇ ਮਹੀਨੇ ਦੀ ਜੇਲ੍ਹ, ਪਿਛਲੇ ਸਾਲ ਦੇਸ਼ ਛੱਡਣ ਤੋਂ ਬਾਅਦ ਅਵਾਮੀ ਨੇਤਾ ਨੂੰ ਹੋਈ ਪਹਿਲੀ ਸਜ਼ਾ

ਨੈਸ਼ਨਲ ਟਾਈਮਜ਼ ਬਿਊਰੋ :- ਬੰਗਲਾਦੇਸ਼ ਦੀ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਕੋਰਟ ਦੀ ਹੁਕਮ ਅਦੂਲੀ ਦੇ ਇਕ ਮਾਮਲੇ ’ਚ ਛੇ ਮਹੀਨੇ ਦੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੇਸ਼ ਦੇ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ (ਆਈਸੀਟੀ) ਨੇ ਬੁੱਧਵਾਰ ਨੂੰ ਉਨ੍ਹਾਂ ਦੀ ਗ਼ੈਰ-ਹਾਜ਼ਰੀ ’ਚ ਇਹ ਸਜ਼ਾ ਸੁਣਾਈ। ਪਿਛਲੇ ਸਾਲ ਅਗਸਤ ’ਚ ਦੇਸ਼ ਛੱਡਣ ਤੋਂ ਬਾਅਦ ਅਵਾਮੀ ਨੇਤਾ ਨੂੰ ਕਿਸੇ ਮਾਮਲੇ ’ਚ ਇਹ ਪਹਿਲੀ ਸਜ਼ਾ ਸੁਣਾਈ ਗਈ ਹੈ। ਹਿੰਸਕ ਵਿਦਿਆਰਥੀ ਅੰਦੋਲਨ ਦੇ ਚੱਲਦੇ ਪਿਛਲੇ ਸਾਲ ਪੰਜ ਅਗਸਤ ਨੂੰ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦਾ ਪਤਨ ਹੋ ਗਿਆ ਸੀ, ਉਦੋਂ ਤੋਂ ਹੀ ਉਹ ਭਾਰਤ ’ਚ ਰਹਿ ਰਹੇ ਹਨ।

ਡੇਲੀ ਸਟਾਰ ਅਖ਼ਬਾਰ ਅਨੁਸਾਰ, ਜਸਟਿਸ ਮੁਹੰਮਦ ਗ਼ੁਲਾਮ ਮੁਰਤਜ਼ਾ ਮਜੂਮਦਾਰ ਦੀ ਪ੍ਰਧਾਨਗੀ ਵਾਲੀ ਆਈਸੀਟੀ-1 ਦੀ ਤਿੰਨ ਮੈਂਬਰੀ ਬੈਂਚ ਨੇ ਅਵਾਮੀ ਨੇਤਾ ਨਾਲ ਜੁੜੇ ਫੋਨ ਕਾਲ ਲੀਕਾ ਮਾਮਲੀ ਦੀ ਸਮੀਖਿਆ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ। ਪਿਛਲੇ ਸਾਲ ਇਹ ਗੱਲਬਾਤ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋਈ ਸੀ। ਲੀਕ ਆਡੀਓ ਕਲਿੱਪ ’ਚ ਜਲਾਵਤਨ ਪ੍ਰਧਾਨ ਮੰਤਰੀ ਨੂੰ ਗੋਵਿੰਦਗੰਜ ਉਪ ਜ਼ਿਲ੍ਹਾ ਦੇ ਸਾਬਕਾ ਚੇਅਰਮੈਨ ਤੇ ਪਾਬੰਦੀਸ਼ੁਦਾ ਬੰਗਲਾਦੇਸ਼ ਵਿਦਿਆਰਥੀ ਲੀਗ ਦੇ ਨੇਤਾ ਸ਼ਕੀਲ ਅਕੰਦ ਬੁਲਬੁਲ ਨਾਲ ਕਥਿਤ ਤੌਰ ’ਤੇ ਇਹ ਕਹਿੰਦੇ ਸੁਣਿਆ ਗਿਆ ਕਿ ਮੇਰੇ ਖ਼ਿਲਾਫ਼ 227 ਮਾਮਲੇ ਦਰਜ ਕੀਤੇ ਗਏ ਹਨ, ਇਸ ਲਈ ਮੈਨੂੰ 227 ਲੋਕਾਂ ਨੂੰ ਮਾਰਨ ਦਾ ਲਾਇਸੈਂਸ ਮਿਲ ਗਿਆ ਹੈ। ਟ੍ਰਿਬਿਊਨਲ ਨੇ ਇਸ ਬਿਆਨ ਨੂੰ ਹੁਕਮਅਦੂਲੀ ਵਾਲਾ ਤੇ ਕੋਰਟ ਦੇ ਅਕਸ ਨੂੰ ਕਮਜ਼ੋਰ ਕਰਨ ਦੀ ਪ੍ਰਤੱਖ ਕੋਸ਼ਿਸ਼ ਮੰਨਿਆ। ਆਈਸੀਟੀ ਨੇ ਬੁਲਬੁਲ ਨੂੰ ਵੀ ਦੋ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ’ਚ ਕਿਹਾ ਹੈ ਕਿ ਉਨ੍ਹਾਂ ਦੀ ਗ੍ਰਿ਼ਫ਼ਤਾਰੀ ਜਾਂ ਸਰੰਡਰ ਦੇ ਦਿਨ ਤੋਂ ਇਹ ਸਜ਼ਾ ਪ੍ਰਭਾਵ ’ਚ ਆਵੇਗੀ। 72 ਸਾਲਾ ਹਸੀਨਾ ਦੇਸ਼ ’ਚ ਕਈ ਮਾਮਲਿਆਂ ਦਾ ਸਾਹਮਣਾ ਕਰ ਰੇਹ ਹਨ। ਬੀਤੇ ਸਾਲ ਜੁਲਾਈ-ਅਗਸਤ ’ਚ ਅੰਦੋਲਨ ਦੌਰਾਨ ਸਮੂਹਿਕ ਹੱਤਿਆਵਾਂ ਤੇ ਲੋਕਾਂ ਨੂੰ ਜ਼ਬਰਦਸਤੀ ਗ਼ਾਇਬ ਕਰਨ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ।

By Gurpreet Singh

Leave a Reply

Your email address will not be published. Required fields are marked *