ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ 5 ਫਰਵਰੀ ਨੂੰ ਕਿਸਾਨ ਜੱਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਹੈ। ਇਸ ਦਿਨ ਕਿਸਾਨ ਜੱਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਜੱਥੇਬੰਦੀਆਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਹ ਅੰਦੋਲਨ ਸਰਕਾਰ ਦੇ ਵਾਅਦੇ ਦੀ ਉਲੰਘਣਾ ਖ਼ਿਲਾਫ਼ ਹੋਵੇਗਾ। ਉਨ੍ਹਾਂ ਵਲੋਂ ਵੱਡੇ ਪੱਧਰ ‘ਤੇ ਕਿਸਾਨਾਂ ਨੂੰ ਇਸ ਘਿਰਾਓ ‘ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਹਰੇਕ ਪਿੰਡ ‘ਚੋਂ ਦੁੱਧ, ਪ੍ਰਸ਼ਾਦੇ ਅਤੇ ਲੰਗਰ ਲੈ ਕੇ ਆਉਣ ਦੀ ਕਿਸਾਨਾਂ ਨੂੰ ਅਪੀਲ ਕੀਤੀ। ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ‘ਚ ਚਿੱਪ ਵਾਲੇ ਮੀਟਰ ਕਿਸੇ ਵੀ ਕੀਮਤ ‘ਤੇ ਲੱਗਣ ਨਹੀਂ ਦਿੱਤੇ ਜਾਣਗੇ।
ਜਿਹੜੇ ਮੀਟਰ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ, ਉਹ ਵੀ ਉਦੋਂ ਤੱਕ ਜਮ੍ਹਾਂ ਨਹੀਂ ਕਰਵਾਏ ਜਾਣਗੇ, ਜਦੋਂ ਤੱਕ ਸਰਕਾਰ ਵਲੋਂ 2025 ਐਕਟ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ ਅਤੇ ਸਾਰੇ ਕਾਲੀ ਗਰਾਰੀ ਵਾਲੇ ਪੁਰਾਣੇ ਮੀਟਰ ਮੁੜ ਬਹਾਲ ਨਹੀਂ ਕੀਤੇ ਜਾਂਦੇ। ਪੰਧੇਰ ਨੇ ਹਾਲ ਹੀ ‘ਚ ਪੇਸ਼ ਕੀਤੇ ਕੇਂਦਰੀ ਬਜਟ ਦੀ ਤਿੱਖੀ ਆਲੋਚਨਾ ਵੀ ਕੀਤੀ। ਉਨ੍ਹਾਂ ਨੇ ਇਸ ਨੂੰ ਕਾਰਪੋਰੇਟ ਪੱਖੀ ਬਜਟ ਦੱਸਿਆ। ਉਨ੍ਹਾਂ ਕਿਹਾ ਕਿ ਬਜਟ ‘ਚ ਸਿੱਖਿਆ, ਸਿਹਤ ਅਤੇ ਮਨਰੇਗਾ ਵਰਗੇ ਬੁਨਿਆਦੀ ਖੇਤਰਾਂ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ।
