ਨੈਸ਼ਨਲ ਟਾਈਮਜ਼ ਬਿਊਰੋ :- ਸ਼ਹਿਰ ਦੀ ਸਿਆਸਤ ਵਿੱਚ ਧਮਾਕੇਦਾਰ ਮੋੜ ਉਸ ਸਮੇਂ ਆਇਆ ਜਦੋਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਦੋ ਵਾਰ ਪ੍ਰਧਾਨ ਰਹਿ ਚੁੱਕੇ ਮਰਹੂਮ ਵਿਨੋਦ ਕੁਮਾਰ ਗੁਪਤਾ ਦਾ ਸਮੁੱਚਾ ਪਰਿਵਾਰ ਆਪਣੇ ਵੱਡੀ ਗਿਣਤੀ ਦੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਵਿੱਚ ਸ਼ਾਮਿਲ ਹੋ ਗਿਆ। ਇਸ ਸਿਆਸੀ ਵਿਕਾਸ ਨੂੰ ਕਾਂਗਰਸ ਲਈ ਸ਼ਹਿਰੀ ਖੇਤਰ ਵਿੱਚ ਵੱਡਾ ਅਤੇ ਕਰਾਰਾ ਝਟਕਾ ਮੰਨਿਆ ਜਾ ਰਿਹਾ ਹੈ।
ਗੁਪਤਾ ਪਰਿਵਾਰ ਅਤੇ ਉਨ੍ਹਾਂ ਨਾਲ ਜੁੜੇ ਸਮਰਥਕਾਂ ਦੀ ਰਾਣਾ ਧੜੇ ਵਿੱਚ ਸ਼ਮੂਲੀਅਤ ਨਾਲ ਸ਼ਹਿਰੀ ਖੇਤਰ ਵਿੱਚ ਰਾਣਾ ਧੜੇ ਦੀ ਸਿਆਸੀ ਪਕੜ ਹੋਰ ਮਜ਼ਬੂਤ ਹੋਈ ਹੈ। ਰਾਜਨੀਤਿਕ ਮਾਹਿਰਾਂ ਅਨੁਸਾਰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਇਹ ਸ਼ਾਮਿਲੀਅਤ ਰਾਣਾ ਧੜੇ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ।
ਇਸ ਮੌਕੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਗੁਪਤਾ ਪਰਿਵਾਰ ਦਾ ਸਵਾਗਤ ਕਰਦਿਆਂ ਕਿਹਾ ਕਿ ਮਰਹੂਮ ਵਿਨੋਦ ਕੁਮਾਰ ਗੁਪਤਾ ਨੇ ਨਗਰ ਕੌਂਸਲ ਦੇ ਪ੍ਰਧਾਨ ਰਹਿੰਦਿਆਂ ਸ਼ਹਿਰ ਦੀ ਸੇਵਾ ਨੂੰ ਪਹਿਲ ਦਿੱਤੀ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਿਆ। ਉਨ੍ਹਾਂ ਕਿਹਾ ਕਿ ਗੁਪਤਾ ਪਰਿਵਾਰ ਦਾ ਰਾਣਾ ਧੜੇ ਵਿੱਚ ਸ਼ਾਮਿਲ ਹੋਣਾ ਇੱਕ ਮਜ਼ਬੂਤ ਕਦਮ ਹੈ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਭਰੋਸਾ ਦਿਵਾਇਆ ਕਿ ਗੁਪਤਾ ਪਰਿਵਾਰ ਨੂੰ ਪੂਰਾ ਮਾਣ-ਸਨਮਾਨ ਅਤੇ ਬਣਦਾ ਸਥਾਨ ਦਿੱਤਾ ਜਾਵੇਗਾ।
ਮਰਹੂਮ ਵਿਨੋਦ ਕੁਮਾਰ ਗੁਪਤਾ ਦੇ ਪੁੱਤਰ ਮਾਧਵ ਗੁਪਤਾ (ਬੰਟੂ) ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਨੇ ਹਮੇਸ਼ਾ ਸੁਲਤਾਨਪੁਰ ਲੋਧੀ ਦੀ ਭਲਾਈ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ। ਉਨ੍ਹਾਂ ਦੱਸਿਆ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਇਮਾਨਦਾਰ ਸੋਚ ਅਤੇ ਵਿਕਾਸਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਗੁਪਤਾ ਪਰਿਵਾਰ ਨੇ ਆਪਣੇ ਸਮਰਥਕਾਂ ਸਮੇਤ ਇਹ ਫੈਸਲਾ ਲਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਗੁਪਤਾ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕ ਰਾਣਾ ਧੜੇ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਸਿਆਸੀ ਹਲਕਿਆਂ ਵਿੱਚ ਇਸ ਸ਼ਾਮਿਲੀਅਤ ਨੂੰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸਿਆਸੀ ਤਾਕਤਾਂ ਦੇ ਸਮੀਕਰਨ ਬਦਲਣ ਵਾਲਾ ਕਦਮ ਕਰਾਰ ਦਿੱਤਾ ਜਾ ਰਿਹਾ ਹੈ।
