ਅੰਮ੍ਰਿਤਸਰ, 5 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ (AAP) ਦੇ ਖਡੂਰ ਸਾਹਿਬ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਬਲਦੇਵ ਗੋਰਾ ‘ਤੇ ਬਿਜਲੀ ਬੋਰਡ ਦੇ ਸਿੱਖ JE ਗੁਰਪਾਲ ਸਿੰਘ ਨਾਲ ਦੁਰਵਿਵਹਾਰ ਅਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਮਜੀਠੀਆ ਵੱਲੋਂ ਤੁਰੰਤ ਗ੍ਰਿਫ਼ਤਾਰੀ ਦੀ ਮੰਗ
ਬਿਕਰਮ ਮਜੀਠੀਆ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਬਿਜਲੀ ਵਿਭਾਗ ਦੇ JE ਗੁਰਪਾਲ ਸਿੰਘ, ਜੋ ਕਿ ਇੱਕ ਅੰਮ੍ਰਿਤਧਾਰੀ ਸਿੱਖ ਹਨ, ਬਿਜਲੀ ਬਿੱਲ ਦਾ ਬਕਾਇਆ ਲੈਣ ਪਿੰਡ ਵੇਈਂ ਪੂਈਂ ਗਏ ਸਨ, ਜਿੱਥੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਉਨ੍ਹਾਂ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਪੁਲਿਸ ਨੂੰ ਬਲਦੇਵ ਗੋਰਾ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਅਕਾਲ ਤਖ਼ਤ ਸਾਹਿਬ ਨੂੰ ਵੀ ਕੀਤੀ ਬੇਨਤੀ
ਮਜੀਠੀਆ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਮੰਗ ਕੀਤੀ ਹੈ ਕਿ ਉਹ ਅੰਮ੍ਰਿਤਧਾਰੀ ਸਿੰਘ ਦੀ ਦਸਤਾਰ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਦਖ਼ਲ ਦੇਣ ਅਤੇ ਜਿੰਨਾਂ ਨੇ ਇਹ ਹਿਮਾਕਤ ਕੀਤੀ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਇਹ ਕੇਵਲ ਇੱਕ ਵਿਅਕਤੀ ‘ਤੇ ਹਮਲਾ ਨਹੀਂ, ਸਗੋਂ ਸਿੱਖੀ ‘ਤੇ ਸਿੱਧਾ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
