ਗੁਰਦਾਸਪੁਰ – ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਕਸਬੇ ਵਿੱਚ ਇੱਕ ਡਾਕਟਰ ਕੋਲੋਂ ਗੈਂਗਸਟਰਾਂ ਵੱਲੋਂ ਮੰਗੀ ਗਈ 50 ਲੱਖ ਰੁਪਏ ਦੀ ਫਿਰੌਤੀ ਨਾ ਮਿਲਣ ‘ਤੇ ਗੈਂਗਸਟਰਾਂ ਵੱਲੋਂ ਮੁੜ ਬੀਤੀ ਰਾਤ ਉਸ ਡਾਕਟਰ ਦੇ ਹਸਪਤਾਲ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਇਸ ਡਾਕਟਰ ਦੇ ਹਸਪਤਾਲ ਸਾਹਮਣੇ ਗੋਲੀਆਂ ਚਲਾ ਕੇ ਫਿਰੌਤੀ ਦੀ ਮੰਗ ਕੀਤੀ ਗਈ ਸੀ। ਮਾਮਲਾ ਪੁਲਸ ਕੋਲ ਪਹੁੰਚਣ ਤੋਂ ਬਾਅਦ ਪੁਲਸ ਵੱਲੋਂ ਐਫਆਈਆਰ ਦਰਜ ਕਰਕੇ ਡਾਕਟਰ ਨੂੰ ਸੁਰੱਖਿਆ ਲਈ ਗਨਮੈਨ ਦਿੱਤੇ ਗਏ ਸਨ।
ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾ. ਰਮੇਸ਼ਵਰ ਸੈਣੀ ਨੇ ਦੱਸਿਆ ਕਿ ਗੈਂਗਸਟਰਾਂ ਵੱਲੋਂ ਕੁਝ ਦਿਨ ਪਹਿਲਾਂ ਉਸਦੇ ਹਸਪਤਾਲ ‘ਤੇ ਚਾਰ ਗੋਲੀਆਂ ਚਲਾ ਕੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਘਟਨਾ ਸਬੰਧੀ ਉਸ ਨੇ ਪੁਲਸ ਥਾਣਾ ਕਲਾਨੌਰ ‘ਚ ਰਿਪੋਰਟ ਦਰਜ ਕਰਵਾਈ ਸੀ। ਡਾ. ਸੈਣੀ ਨੇ ਦੱਸਿਆ ਕਿ ਉਸ ਤੋਂ ਬਾਅਦ ਗੈਂਗਸਟਰਾਂ ਵੱਲੋਂ ਉਸ ਨੂੰ ਫਿਰੌਤੀ ਲਈ ਫੋਨ ‘ਤੇ ਧਮਕੀ ਭਰੀਆਂ ਕਾਲਾਂ ਵੀ ਆਉਂਦੀਆਂ ਰਹੀਆਂ, ਪਰ ਉਸ ਨੇ ਉਨ੍ਹਾਂ ਨੰਬਰਾਂ ਨੂੰ ਬਲਾਕ ਕਰ ਦਿੱਤਾ ਸੀ।
ਉਹਨਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੁਲਸ ਵੱਲੋਂ ਉਸ ਦੀ ਸੁਰੱਖਿਆ ਲਈ ਦੋ ਗਨਮੈਨ ਤਾਇਨਾਤ ਕੀਤੇ ਗਏ ਸਨ। ਡਾ. ਸੈਣੀ ਅਨੁਸਾਰ ਬੀਤੀ ਰਾਤ ਜਦੋਂ ਉਹ ਆਪਣੇ ਗਨਮੈਨ ਨਾਲ ਘਰ ਗਿਆ ਸੀ, ਤਾਂ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਹਸਪਤਾਲ ਦੇ ਗੇਟ ਸਾਹਮਣੇ ਖੜ੍ਹੇ ਹੋ ਕੇ ਉਸਦੀ ਕਾਰ ‘ਤੇ ਲਗਭਗ ਛੇ ਗੋਲੀਆਂ ਚਲਾਈਆਂ। ਪੁਲਸ ਨੂੰ ਮੌਕੇ ਤੋਂ ਇੱਕ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਇਆ ਹੈ। ਡਾ. ਰਮੇਸ਼ਵਰ ਸੈਣੀ ਨੇ ਕਿਹਾ ਕਿ ਉਹ ਮਰੀਜ਼ਾਂ ਦਾ ਇਲਾਜ ਸਿਰਫ਼ 10 ਰੁਪਏ ਦੀਆਂ ਦਵਾਈਆਂ ਨਾਲ ਕਰਦਾ ਹੈ, ਉਹ ਇੰਨੀ ਵੱਡੀ ਰਕਮ ਕਿੱਥੋਂ ਦੇ ਸਕਦਾ ਹੈ। ਉਸ ਨੇ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਉਸਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ.ਐਸ.ਪੀ. ਗੁਰਵਿੰਦਰ ਸਿੰਘ, ਥਾਣਾ ਕਲਾਨੌਰ ਦੀ ਐਸ.ਐਚ.ਓ. ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਸ ਅਧਿਕਾਰੀਆਂ ਨੇ ਕਿਹਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਨੂੰ ਫੜਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਸਬੰਧੀ ਜਦੋਂ ਐੱਸ.ਐੱਸ.ਪੀ. ਗੁਰਦਾਸਪੁਰ ਅਦਿਤਿਆ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ, ਡਾਕਟਰ ਨੂੰ ਪੁਲਸ ਸੁਰੱਖਿਆ ਦਿੱਤੀ ਗਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
