ਇਹ ਹੈ ਪੰਜਾਬ ਦਾ 100 ਸਾਲ ਤੋਂ ਵੀ ਪੁਰਾਣਾ ‘ਡੱਬੀ ਬਾਜ਼ਾਰ’, ਕਦੇ ਵਿਦੇਸ਼ਾਂ ਤੋਂ ਵੀ ਸਾਮਾਨ ਖ਼ਰੀਦਣ ਆਉਂਦੇ ਸਨ ਲੋਕ

ਹੁਸ਼ਿਆਰਪੁਰ – ਇਕ ਸਮਾਂ ਸੀ ਜਦੋਂ ਪਿੰਡਾਂ ਵਿੱਚੋਂ ਖ਼ਰੀਦਦਾਰੀ ਲਈ ਲੰਬੇ ਪੈਂਡੇ ਤੈਅ ਕਰਕੇ ਸ਼ਹਿਰਾਂ ਕਸਬਿਆਂ ਨੂੰ ਜਾਣਾ ਪੈਂਦਾ ਸੀ। ਕਈ ਬਾਜ਼ਾਰ ਖ਼ਾਸ ਚੀਜਾਂ ਲਈ ਮਸ਼ਹੂਰ ਹੁੰਦੇ ਸਨ ਪਰ ਜਿਵੇਂ ਹੀ ਸਮਾਂ ਬਦਲਿਆ ਆਧੁਨਿਕ ਤਕਨੀਕ ਨੇ ਪੁਰਾਤਨ ਹਸਤ ਕਲਾ ਦੇ ਕਈ ਬਦਲ ਲਿਆਂਦੇ। ਇਸੇ ਤਰ੍ਹਾਂ ਮਸ਼ਹੂਰ ਹੋਇਆ ਸੀ ਹੁਸ਼ਿਆਰਪੁਰ ਦਾ 100 ਸਾਲ ਤੋਂ ਵੱਧ ਪੁਰਾਤਨ ਡੱਬੀ ਬਾਜ਼ਾਰ। ਇਸ ਬਾਜ਼ਾਰ ਵਿਚ ਕਦੇ ਵਿਦੇਸ਼ਾਂ ਤੋਂ ਵੀ ਲੋਕ ਸਾਮਾਨ ਖ਼ਰੀਦਣ ਆਉਂਦੇ ਸਨ। 

ਇਸ ਬਾਜ਼ਾਰ ਵਿੱਚ ਅੱਜ ਵੀ ਉਹ ਸਾਰੀਆਂ ਵਸਤਾਂ ਮਿਲਦੀਆਂ ਹਨ, ਜੋ ਕਦੇ 100 ਸਾਲ ਪਹਿਲਾਂ ਮਿਲਦੀਆਂ ਜਾਂ ਘਰ ‘ਚ ਲੋੜ ਪੈਣ ‘ਤੇ ਲੋਕ ਖ਼ਰੀਦੇ ਹੋਣਗੇ ਅਤੇ ਇਹ ਸਾਰੀਆਂ ਚੀਜ਼ਾਂ ਲੱਕੜ ‘ਤੇ ਨਕਾਸ਼ੀ ਕਰਕੇ ਅਤੇ ਉਨ੍ਹਾਂ ਵੇਲਿਆਂ ਵਿੱਚ ਹਾਥੀ ਦੰਦ ਦੀ ਵਰਤੋਂ ਨਾਲ ਸ਼ਿੰਗਾਰਿਆ ਜਾਂਦਾ ਅਤੇ ਜਾਨਵਰਾਂ ਦੀ ਸੁਰੱਖਿਆ ਦੀ ਲਿਹਾਜ਼ ਨਾਲ ਹਾਥੀ ਦੰਦ ਬੈਨ ਹੋ ਜਾਣ ਤੋਂ ਬਾਅਦ ਹੁਣ ਖ਼ਾਸ ਤਰ੍ਹਾਂ ਦੀ ਪਲਾਸਟਿਕ ਦੇ ਨਾਲ ਲੱਕੜ ਦੇ ਸਾਮਾਨ ਉੱਪਰ ਨਕਾਸ਼ੀ ਕੀਤੀ ਜਾਂਦੀ ਹੈ। ਇਹ ਸਾਰਾ ਕੰਮ ਹੱਥਾਂ ਦੇ ਨਾਲ ਬੜੀ ਹੀ ਮਹੀਨ ਬਾਰੀਕ ਮਿਹਨਤ ਨਾਲ ਕਈ-ਕਈ ਹਫ਼ਤੇ, ਮਹੀਨਿਆਂ ਦੀ ਮਿਹਨਤ ਤੋਂ ਬਾਅਦ ਰੰਗ ਵਿਖਾਉਂਦਾ ਹੈ।

ਪਰ ਆਧਾਰਨਿਕ ਯੁੱਗ ਵਿੱਚ ਆਨਲਾਈਨ ਸ਼ਾਪਿੰਗ ਦਾ ਟਰੈਂਡ ਹੋਣ ਕਾਰਨ ਇਸ ਬਾਜ਼ਾਰ ਵਿੱਚ ਰੌਣਕ ਫਿੱਕੀ ਪੈ ਗਈ ਅਤੇ ਹੁਣ ਇਹ ਬਾਜ਼ਾਰ ਸੁੰਨਾ ਪੈ ਗਿਆ ਹੈ। ਇਸੇ ਬਾਜ਼ਾਰ ਵਿਚ ਕਦੇ ਪੈਰ ਧਰਨ ਨੂੰ ਥਾਂ ਨਹੀਂ ਸੀ ਹੁੰਦੀ ਅਤੇ ਦੂਰੋਂ-ਦੂਰੋਂ ਪੂਰੇ ਭਾਰਤ ਭਰ ਵਿੱਚੋਂ ਗਾਹਕ ਅਤੇ ਵਪਾਰੀ ਇਸ ਬਾਜ਼ਾਰ ਵਿੱਚ ਖ਼ਰੀਦਦਾਰੀ ਕਰਨ ਲਈ ਆਉਂਦੇ ਸਨ ਪਰ ਹੁਣ ਇਥੇ ਬੈਠੇ ਦੁਕਾਨਦਾਰ ਗਾਹਕਾਂ ਦੀ ਉਡੀਕ ਵਿੱਚ ਸਾਰਾ ਦਿਨ ਬੈਠੇ ਰਹਿੰਦੇ ਨੇ।

PunjabKesari

ਦੁਕਾਨਦਾਰ ਅਤੇ ਕਾਰੀਗਰਾਂ ਨੇ ਆਪਣਾ ਦੁੱਖ਼ ਬਿਆਨ ਕਰਦਿਆਂ ਦੱਸਿਆ ਕਿ ਸਰਕਾਰ ਜੇਕਰ ਇਸ ਬਾਜ਼ਾਰ ਨੂੰ ਪ੍ਰਫੁੱਲਿਤ ਕਰਨ ਵੱਲ ਧਿਆਨ ਦੇਵੇ ਤਾਂ ਜਿੱਥੇ ਇਸ ਬਾਜ਼ਾਰ ਦੀ ਰੌਣਕ ਮੁੜ ਪਰਤ ਸਕਦੀ ਹੈ, ਉੱਥੇ ਹੀ ਇਸ ਬਾਜ਼ਾਰ ਨਾਲ ਜੁੜ ਕੇ ਕੰਮ ਕਰਨ ਵਾਲੇ ਅਨੇਕਾਂ ਮਿਹਨਤੀ ਕਾਰੀਗਰ ਆਰਥਿਕ ਤੰਗੀ ਤੋਂ ਬਾਹਰ ਆ ਸਕਦੇ ਹਨ ਅਤੇ ਇਸ ਦੇ ਨਾਲ ਹੀ ਇਸ ਕਲਾ ਅਤੇ ਬਾਜ਼ਾਰ ਨੂੰ ਵੀ ਬਚਾਇਆ ਜਾ ਸਕਦਾ ਅਤੇ ਇਸ ਦੇ ਨਾਲ ਹੀ ਭਵਿੱਖ ਵਿੱਚ ਨੌਜਵਾਨੀ ਵੀ ਇਸ ਕੰਮ ਵੱਲ ਮੁੜ ਪਰਤ ਕੇ ਰੁਜ਼ਗਾਰ ਵੱਲ ਵੱਧ ਸਕਦੀ ਹੈ ।

By Gurpreet Singh

Leave a Reply

Your email address will not be published. Required fields are marked *