ਭਾਰਤ ਨਾਲ ਅੱਤਵਾਦੀਆਂ ਦੀ ਜਾਣਕਾਰੀ ਸਾਂਝੀ ਕਰਨ ਲਈ ਰਾਜ਼ੀ ਹੋਇਆ ਕੈਨੇਡਾ !

ਨੈਸ਼ਨਲ ਟਾਈਮਜ਼ ਬਿਊਰੋ :- ਜੂਨ 2023 ‘ਚ ਕੈਨੇਡਾ ‘ਚ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲਕਾਂਡ ਮਗਰੋਂ ਕੈਨੇਡਾ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਦਾ ਇਲਜ਼ਾਮ ਸ਼ਰੇਆਮ ਭਾਰਤ ਸਰਕਾਰ ਤੇ ਏਜੰਸੀਆਂ ‘ਤੇ ਲਗਾਇਆ ਸੀ। ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਕਾਫ਼ੀ ਲੰਬੇ ਸਮੇਂ ਤੱਕ ਤਣਾਅ ਦਾ ਮਾਹੌਲ ਬਣਿਆ ਰਿਹਾ। ਜਦੋਂ ਇਸ ਮਾਮਲੇ ਨੂੰ ਕਰੀਬ 2 ਸਾਲ ਬੀਤ ਚੁੱਕੇ ਹਨ, ਹੁਣ ਕੈਨੇਡਾ ਤੇ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕ੍ਰਾਈਮ ਨੂੰ ਘਟਾਉਣ ਲਈ ਇਕ ਨਵੀਂ ਪਣਾਲੀ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕੀਤੀ ਹੈ। ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਿਗੜੇ ਹੋਏ ਹਾਲਾਤਾਂ ਨੂੰ ਮੁੜ ਲੀਕ ‘ਤੇ ਲਿਆਉਣ ਲਈ ਨਵੀਂ ਦਿਸ਼ਾ ਮਿਲ ਸਕਦੀ ਹੈ।ਇਸ ਪ੍ਰਣਾਲੀ ਅਨੁਸਾਰ ਹੁਣ ਦੋਵੇਂ ਦੇਸ਼ ਅੱਤਵਾਦ, ਵੱਖਵਾਦੀ ਪ੍ਰਕਿਰਿਆਵਾਂ, ਇੰਟੈਲੀਜੈਂਸ ਆਦਿ ਦੀ ਜਾਣਕਾਰੀ ਇਕ-ਦੂਜੇ ਨਾਲ ਸਾਂਝੀਆਂ ਕਰਨਗੇ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਕਿਰਿਆ ‘ਤੇ ਹਾਲੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਜੀ-7 ਮੀਟਿੰਗ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗੱਲਬਾਤ ਹੋਣ ਦੀ ਉਮੀਦ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਹੋਣ ਵਾਲੀ ਇਹ ਮੁਲਾਕਾਤ ਕਈ ਮਾਇਨਿਆਂ ਨਾਲ ਖ਼ਾਸ ਹੈ, ਕਿਉਂਕਿ ਇਸ ਮੀਟਿੰਗ ਦੌਰਾਨ ਦੁਵੱਲੇ ਤੇ ਵਿਸ਼ਵ ਪੱਧਰੀ ਮੁੱਦਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਉਦੋਂ ਤਣਾਅਪੂਰਨ ਹੋ ਗਏ ਸਨ, ਜਦੋਂ ਸਾਲ 2023 ‘ਚ ਬ੍ਰਿਟਿਸ਼ ਕੋਲੰਬੀਆ ਦੇ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਗਰੋਂ ਮਾਹੌਲ ਉਦੋਂ ਜ਼ਿਆਦਾ ਗਰਮਾ ਗਿਆ, ਜਦੋਂ ਇਸ ਕਤਲ ਦਾ ਜ਼ਿੰਮੇਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ਤੇ ਇੱਥੋਂ ਦੀਆਂ ਖੁਫ਼ੀਆ ਏਜੰਸੀਆਂ ਨੂੰ ਠਹਿਰਾਇਆ ਸੀ। ਇਸ ਤੋਂ ਬਾਅਦ ਕੈਨੇਡੀਅਨ ਪੁਲਸ ਨੇ ਵੀ ਕੈਨੇਡਾ ‘ਚ ਸਿੱਖਾਂ ਦੇ ਕਤਲ ਤੇ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਭਾਰਤ ‘ਤੇ ਲਗਾਇਆ ਸੀ। ਹੁਣ ਬੀਤੇ ਕੁਝ ਸਮੇਂ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧ ਪਟੜੀ ‘ਤੇ ਆ ਰਹੇ ਹਨ ਤੇ ਪ੍ਰਧਾਨ ਮੰਤਰੀ ਕਾਰਨੀ ਨੇ ਨਰਿੰਦਰ ਮੋਦੀ ਨੂੰ ਜੀ.7 ਮੀਟਿੰਗ ‘ਚ ਆਉਣ ਦਾ ਸੱਦਾ ਦੇ ਕੇ ਸਬੰਧ ਸੁਧਾਰਨ ਵੱਲ ਇਕ ਹੋਰ ਕਦਮ ਵਧਾਇਆ ਹੈ। ਹੁਣ ਉਮੀਦ ਹੈ ਕਿ ਅੱਤਵਾਦ ਤੇ ਕ੍ਰਾਈਮ ਸਬੰਧੀ ਜਾਣਕਾਰੀਆਂ ਇਕ-ਦੂਜੇ ਨਾਲ ਸਾਂਝੀਆਂ ਕਰ ਕੇ ਦੋਵਾਂ ਦੇਸ਼ਾਂ ਵਿਚਾਲੇ ਹੋਰ ਸਬੰਧ ਹੋਰ ਮਜ਼ਬੂਤ ਹੋਣਗੇ ਤੇ ਦੋਵਾਂ ਦੇਸ਼ਾਂ ‘ਚ ਹੋਣ ਵਾਲੇ ਕ੍ਰਾਈਮ ਦੀ ਦਰ ਨੂੰ ਵੀ ਘਟਾਇਆ ਜਾ ਸਕੇਗਾ।

By Rajeev Sharma

Leave a Reply

Your email address will not be published. Required fields are marked *