ਨੈਸ਼ਨਲ ਟਾਈਮਜ਼ ਬਿਊਰੋ :- ਕਨੇਡਾ ਦੀ ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ ਸੰਸਦ ਮੈਂਬਰ (MP) ਚੰਦਰ ਆਰਿਆ ਦੀ ਆਪਣੇ ਹੀ ਓਟਾਵਾ-ਨੇਪੀਅਨ ਹਲਕੇ ਤੋਂ ਉਮੀਦਵਾਰੀ ਰੱਦ ਕਰ ਦਿੱਤੀ ਹੈ। ਕਨੇਡੀਅਨ ਮੀਡੀਆ ਅਨੁਸਾਰ, ਆਰਿਆ ਦੇ ਭਾਰਤੀ ਸਰਕਾਰ ਨਾਲ ਸੰਭਾਵੀ ਸੰਬੰਧਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਰਿਪੋਰਟਾਂ ਮੁਤਾਬਕ, ਚੰਦਰ ਆਰਿਆ ਨੇ ਪਿਛਲੇ ਸਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਅਤੇ ਭਾਰਤ ਦੌਰੇ ਬਾਰੇ ਕਨੇਡਾ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ, ਜਦਕਿ ਉਸ ਸਮੇਂ ਦੋਵੇਂ ਦੇਸ਼ਾਂ ਵਿਚਕਾਰ ਰੂਸਵੇਂ ਭਰੇ ਰਿਸ਼ਤੇ ਸਨ।
ਕਨੇਡਾ ਦੀ ਸੁਰੱਖਿਆ ਖੁਫੀਆ ਏਜੰਸੀ (CSIS) ਨੇ ਵੀ ਸਰਕਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਆਰਿਆ ਦੇ ਭਾਰਤੀ ਹਾਈ ਕਮਿਸ਼ਨ ਸਮੇਤ ਭਾਰਤ ਸਰਕਾਰ ਨਾਲ ਗੂੜ੍ਹੇ ਸੰਬੰਧ ਹਨ। ਦੂਜੇ ਪਾਸੇ, ਚੰਦਰ ਆਰਿਆ ਨੇ ਇਨ੍ਹਾਂ ਦੋਸ਼ਾਂ ਨੂੰ ਸਾਫ਼ ਤੌਰ ‘ਤੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਉਹ ਵਿਦੇਸ਼ੀ ਰਾਜਦੂਤਾਂ ਅਤੇ ਸਰਕਾਰੀ ਮੁਖੀਆਂ ਨਾਲ ਮਿਲਦੇ ਰਹਿੰਦੇ ਹਨ।
“ਨਾ ਤਾਂ ਮੈਂ ਕਦੇ ਇਜਾਜ਼ਤ ਲਈ ਹੈ ਅਤੇ ਨਾ ਹੀ ਮੈਂ ਇਸ ਲਈ ਬਾਧਯ ਹੋਇਆ ਹਾਂ,” ਆਰਿਆ ਨੇ ਕਿਹਾ।
ਚੰਦਰ ਆਰਿਆ, ਜੋ ਕਿ ਹਿੰਦੂ ਧਰਮ ਨਾਲ ਸੰਬੰਧਤ ਹਨ, ਮੰਨਦੇ ਹਨ ਕਿ ਉਨ੍ਹਾਂ ਦੀ ਉਮੀਦਵਾਰੀ ਰੱਦ ਕਰਨ ਦੇ ਪਿੱਛੇ ਉਹਨਾਂ ਦਾ ਖ਼ਾਲਿਸਤਾਨੀ ਅੰਦੋਲਨ ਦੇ ਵਿਰੋਧੀ ਹੋਣਾ ਵੀ ਇੱਕ ਵੱਡੀ ਵਜ੍ਹਾ ਬਣ ਸਕਦੀ ਹੈ।
