ਜਲੰਧਰ ਮਕਸੂਦਾਂ ਸਬਜੀ ਮੰਡੀ ‘ਚ ਚੱਲ ਰਹੇ ਸਫਾਈ ਕਾਰਜਾਂ ਦਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਲਿਆ ਜਾਇਜ਼ਾ

ਮੋਹਾਲੀ, 7 ਮਾਰਚ 2025 (ਗੁਰਪ੍ਰੀਤ ਸਿੰਘ): ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਜਲੰਧਰ ਮਕਸੂਦਾਂ ਸਬਜੀ ਮੰਡੀ ਦਾ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਮੰਡੀ ‘ਚ ਲਗੇ ਕੂੜੇ ਦੇ ਢੇਰਾਂ ਦੀ ਸਫਾਈ ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਤੋਂ ਵਿਸਤ੍ਰਿਤ ਜਾਣਕਾਰੀ ਲਈ।ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਮਕੈਨੀਕਲ ਸੈਪਰੇਟਰ ਮਸ਼ੀਨ ਰਾਹੀਂ ਮੰਡੀ ਵਿੱਚ ਲੱਗੇ ਕੂੜੇ ਦੇ ਢੇਰਾਂ ਦੇ ਨਿਪਟਾਰੇ ਦਾ ਕੰਮ ਕਰੀਬ 65 ਫੀਸਦੀ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਕੂੜੇ ਦੇ ਢੇਰਾਂ ਨੂੰ ਸੈਗਰੀਗੇਟ ਕਰਕੇ ਸਫਾਈ ਦੇ ਕੰਮ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ।

ਇਸ ਮੌਕੇ ਸ. ਬਰਸਟ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਮੰਡੀ ਵਿੱਚ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਨ੍ਹਾਂ ਕੂੜੇ ਦੇ ਲੱਗੇ ਢੇਰਾਂ ਨੂੰ ਜਲਦ ਤੋਂ ਜਲਦ ਸਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਜਾਂ ਨੂੰ ਮੁਕੰਮਲ ਕਰਨ ਵਿੱਚ ਕਿਸੇ ਤਰ੍ਹਾਂ ਦੀ ਵੀ ਲਾਪਰਵਾਹੀ ਨਾ ਵਰਤੀ ਜਾਵੇ, ਕਿਉਂਕਿ ਲੋਕਾਂ ਨੂੰ ਸਾਫ-ਸੁਥਰਾ ਵਾਤਾਵਰਨ ਪ੍ਰਦਾਨ ਕਰਨਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ।

ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਚੰਗਾ ਜੀਵਨ ਜੀਉਣ ਵਾਸਤੇ ਚੰਗਾ ਵਾਤਾਵਰਨ ਅਤੇ ਚੰਗਾ ਖਾਣਾ-ਪੀਣਾ ਅਤਿ ਜਰੂਰੀ ਹੈ। ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਵਾਤਾਵਰਨ ਨੂੰ ਸਵੱਛ ਅਤੇ ਆਪਣੇ ਆਲੇ-ਦੁਆਲੇ ਸਾਫ-ਸਫਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਹਜਾਰਾਂ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਇਸ ਲਈ ਲੋਕਾਂ ਨੂੰ ਚੰਗਾ ਵਾਤਾਵਰਨ ਮੁਹੱਈਆ ਕਰਵਾਉਣਾ ਬਹੁਤ ਜਰੂਰੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਸਫਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਫਾਈ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਬਜੀ ਮੰਡੀ, ਜਲੰਧਰ ਮਕਸੂਦਾਂ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਤੋਂ ਲੋਕ ਬਹੁਤ ਤੰਗ ਹਨ। ਇਸ ਲਈ ਇਨ੍ਹਾਂ ਕੂੜੇ ਦੇ ਢੇਰਾਂ ਦੇ ਨਿਪਟਾਰੇ ਲਈ ਇੱਥੇ ਮਕੈਨੀਕਲ ਸੈਪਰੇਟਰ ਮਸ਼ੀਨ ਲਗਾਈ ਗਈ ਹੈ, ਤਾਂ ਜੋ ਕੂੜੇ ਦੇ ਢੇਰਾਂ ਨੂੰ ਸੈਗਰੀਗੇਟ ਕਰਕੇ ਇਨ੍ਹਾਂ ਦਾ ਨਿਪਟਾਰਾ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਚੰਗਾ ਅਤੇ ਸਾਫ਼ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ।

ਸਬਜੀ ਮੰਡੀ, ਜਲੰਧਰ ਮਕਸੂਦਾਂ ਕਰੀਬ 58.4 ਏਕੜ ਖੇਤਰ ਵਿੱਚ ਫੈਲੀ ਹੋਈ ਹੈ। ਇੱਥੇ ਰੋਜਾਨਾ ਹਜਾਰਾਂ ਲੋਕ ਸਬਜੀ ਖਰੀਦਣ ਅਤੇ ਵੇਚਣ ਲਈ ਆਉਂਦੇ ਹਨ। ਮੰਡੀ ਵਿੱਚ ਲੱਗਭਗ 25 ਸਾਲਾਂ ਤੋਂ ਜਮ੍ਹਾਂ ਹੋ ਰਹੇ ਕੂੜੇ ਦੇ ਢੇਰ ਕਰੀਬ 4 ਏਕੜ ਵਿੱਚ ਫੈਲੇ ਗਏ ਸਨ। ਇਸ ਗੰਦਗੀ ਤੋਂ ਮੰਡੀ ਵਿੱਚ ਆਉਣ ਵਾਲੇ ਲੋਕ ਵੀ ਕਾਫੀ ਪ੍ਰੇਸ਼ਾਨ ਹਨ। ਜਿਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸ. ਬਰਸਟ ਵੱਲੋਂ ਪਹਿਲ ਕਦਮੀ ਕੀਤੀ ਗਈ ਅਤੇ ਸਬਜੀ ਮੰਡੀ ਵਿੱਚ ਮਕੈਨੀਕਲ ਸੈਪਰੇਟਰ ਮਸ਼ੀਨ ਲਗਾਈ ਗਈ। ਜਿਸ ਨਾਲ ਕੂੜੇ ਦੇ ਢੇਰਾਂ ਨੂੰ ਸੈਗਰੀਗੇਟ ਕਰਕੇ ਮੰਡੀ ਵਿੱਚ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ।

By Gurpreet Singh

Leave a Reply

Your email address will not be published. Required fields are marked *