ਸਰੀ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਹਨ ਸ਼ਹਿਰ ਨਿਵਾਸੀ

ਨੈਸ਼ਨਲ ਟਾਈਮਜ਼ ਬਿਊਰੋ :- ਸਰੀ ਸ਼ਹਿਰ ਦੇ ਬਹੁਤ ਸਾਰੇ ਬਾਸ਼ਿੰਦਿਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਵਾਪਰ ਰਹੀਆਂ ਸ਼ੂਟਿੰਗ ਦੀਆਂ ਘਟਨਾਵਾਂ ਤੋਂ ਉਹ ਸਹਿਮੇ ਹੋਏ ਹਨ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ I

ਲੰਘੇ ਹਫ਼ਤੇ ਸਰੀ ਦੇ 120 ਸਟ੍ਰੀਟ ਉੱਪਰ ਸਥਿਤ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫ਼ੇ ਉੱਪਰ ਹੋਈ ਸ਼ੂਟਿੰਗ ਤੋਂ ਬਾਅਦ ਕੁਝ ਨਿਵਾਸੀਆਂ ਦਾ ਕਹਿਣਾ ਹੈ ਕਿ ਹੁਣ ਉਹ ਕਿਸੇ ਰੈਸਟੋਰੈਂਟ ਜਾਂ ਕੈਫ਼ੇ ਆਦਿ ਵਿੱਚ ਜਾਣ ਲੱਗੇ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਬਾਰੇ ਸੋਚਦੇ ਹਨ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਸਰੀ ਨਿਵਾਸੀ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਲੰਘੇ ਕੁਝ ਮਹੀਨਿਆਂ ਦੌਰਾਨ ਗੋਲੀਬਾਰੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ I ਰਮਨਦੀਪ ਸਿੰਘ ਨੇ ਕਿਹਾ ਅਜਿਹਾ ਵਾਪਰ ਸਕਦਾ ਹੈ ਕਿ ਤੁਸੀਂ ਪਰਿਵਾਰ ਨਾਲ ਸਮਾਂ ਬਤੀਤ ਕਰਨ ਲਈ ਗਏ ਕਿਸੇ ਅਜਿਹੀ ਵਾਰਦਾਤ ਦਾ ਸ਼ਿਕਾਰ ਹੋ ਜਾਵੋ I 

ਸ਼ਹਿਰ ਨਿਵਾਸੀ ਅਮਨਦੀਪ ਸਿੰਘ ਦਾ ਆਖਣਾ ਹੈ ਕਿ ਗੋਲੀਬਾਰੀ ਦੀਆਂ ਰੋਜ਼ਾਨਾ ਵਾਂਗ ਵਾਪਰ ਰਹੀਆਂ ਘਟਨਾਵਾਂ ਕਾਰਨ ਕੈਨੇਡਾ ਅਤੇ ਖ਼ਾਸਕਰ ਸਰੀ ਦੇ ਅਕਸ ਨੂੰ ਢਾਅ ਲੱਗ ਰਹੀ ਹੈ I ਅਮਨਦੀਪ ਨੇ ਕਿਹਾ ਕੁਝ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਸਰੀ ਵਿੱਚ ਰੋਜ਼ਾਨਾ ਵੀ ਗੋਲੀਆਂ ਚੱਲਿਆ ਕਰਨਗੀਆਂ I 

ਕੈਪਸ ਕੈਫ਼ੇ ‘ਤੇ ਸ਼ੂਟਿੰਗ ਵਿੱਚ ਜਬਰਨ ਵਸੂਲੀ ਦੇ ਪੱਖ ਨੂੰ ਰੱਦ ਨਹੀਂ ਕਰ ਰਹੀ ਸਰੀ ਪੁਲਿਸ

ਸਰੀ ਸ਼ਹਿਰ ਵਿੱਚ ਤਾਜ਼ੀ ਘਟਨਾ ਕਪਿਲ ਸ਼ਰਮਾ ਦੇ ਕੈਫ਼ੇ ਉੱਪਰ ਸ਼ੂਟਿੰਗ ਦੀ ਹੈ I ਹਾਲ ਵਿੱਚ ਹੀ ਖੁੱਲੇ ਇਸ ਕੈਫ਼ੇ ਉੱਪਰ ਬਹੁਤ ਭੀੜ ਰਹਿੰਦੀ ਸੀ I 9 ਜੁਲਾਈ ਦੀ ਰਾਤ ਨੂੰ ਇਸ ਕੈਫ਼ੇ ਉੱਪਰ ਗੋਲੀਆਂ ਦੇ ਕਈ ਰਾਊਂਡ ਫ਼ਾਇਰ ਕੀਤੇ ਗਏ I ਇਸ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਸਰੀ ਪੁਲਿਸ ਦੇ ਮੀਡੀਆ ਅਧਿਕਾਰੀ ਸਟਾਫ਼ ਸਾਰਜੈਂਟ ਲਿੰਡਸੇ ਹਾਫਟਨ ਨੇ ਕਿਹਾ ਕਿ ਇਹ ਮਾਮਲਾ ਜਾਂਚ ਅਧੀਨ ਹੈ I

ਸ਼ੂਟਿੰਗ ਦੇ ਕਾਰਨ ਬਾਰੇ ਸਵਾਲ ਦੇ ਜਵਾਬ ਵਿੱਚ ਲਿੰਡਸੇ ਹਾਫਟਨ ਨੇ ਕਿਹਾ ਕਿ ਪੁਲਿਸ ਨੇ ਕੈਫ਼ੇ ਦੇ ਸੰਚਾਲਕਾਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਹੈ ਪਰ ਫ਼ਿਲਹਾਲ ਇਹ ਮਾਮਲਾ ਜਬਰਨ ਵਸੂਲੀ ਦਾ ਹੋਣ ਦੀ ਪੁਸ਼ਟੀ ਨਹੀਂ ਹੈ I ਉਨ੍ਹਾਂ ਕਿਹਾ ਕਿ ਪੁਲਿਸ ਜਬਰਨ ਵਸੂਲੀ ਦੇ ਪੱਖ ਨੂੰ ਰੱਦ ਵੀ ਨਹੀਂ ਕਰ ਰਹੀ ਹੈ I

ਸ਼ਹਿਰ ਵਿੱਚ ਸ਼ੂਟਿੰਗ ਦੀਆਂ ਕਈ ਵਾਰਦਾਤਾਂ

ਸਰੀ ਵਿੱਚ ਸ਼ੂਟਿੰਗ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ I ਇਹਨਾਂ ਵਿੱਚੋਂ ਕੁਝ ਮਾਮਲੇ ਜਬਰਨ ਵਸੂਲੀ ਨਾਲ ਸੰਬੰਧਿਤ ਹੋਣ ਦਾ ਦਾਅਵਾ ਕੀਤਾ ਗਿਆ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ 23 ਜੂਨ ਨੂੰ ਸ਼ਹਿਰ ਇਕ ਪਾਰਕਿੰਗ ਲੌਟ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਇਕ ਵਿਅਕਤੀ ਨੂੰ ਜ਼ਖਮੀ ਹੋਣ ‘ਤੇ ਹਸਪਤਾਲ ਵਿੱਚ ਭਾਰਤੀ ਕਰਾਉਣਾ ਪਿਆ I ਸਰੀ ਪੁਲਿਸ ਮੁਤਾਬਿਕ ਇਹ ਮਾਮਲਾ ਦੋ ਧੜਿਆਂ ਵਿੱਚ ਹੋਈ ਲੜਾਈ ਦਾ ਸੀ I

18 ਜੂਨ ਰਾਤ ਅਤੇ 19 ਜੂਨ ਸਵੇਰ ਦਰਮਿਆਨ ਸਰੀ ਪੁਲਿਸ ਦੇ ਅਧਿਕਾਰੀਆਂ ਨੇ 116 ਐਵੇਨਿਊ ਦੇ 12800 ਬਲਾਕ ‘ਤੇ ਸਥਿਤ ਇਕ ਕਾਰੋਬਾਰ ਉੱਪਰ ਸ਼ੂਟਿੰਗ ਦੀ ਘਟਨਾ ਨੂੰ ਰਿਸਪਾਂਡ ਕੀਤਾ I ਗੋਲੀਬਾਰੀ ਦੇ ਸਮੇਂ ਸਟਾਫ਼ ਮੌਕੇ ‘ਤੇ ਹੋਣ ਦੇ ਬਾਵਜੂਦ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਸ਼ੂਟਿੰਗ ਦੀ ਘਟਨਾ ਉਸੇ ਸਥਾਨ ‘ਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਤੋਂ 24 ਘੰਟਿਆਂ ਬਾਅਦ ਵਾਪਰੀ।

ਇਕ ਹੋਰ ਮਾਮਲੇ ਵਿੱਚ ਸਰੀ ਪੁਲਿਸ ਦੇ ਅਧਿਕਾਰੀਆਂ ਨੂੰ 128 ਸਟਰੀਟ ਦੇ 7000 ਬਲਾਕ ਵਿੱਚ ਸਥਿਤ ਇੱਕ ਕਾਰੋਬਾਰ ਉੱਪਰ ਹੋਈ ਸ਼ੂਟਿੰਗ ਦੇ ਮਾਮਲੇ ਦੀ ਜਾਂਚ ਲਈ ਬੁਲਾਇਆ ਗਿਆ I

ਸਰੀ ਦੇ ਪੈਨਾਰੋਮਾ ਰਿਜ ਇਲਾਕੇ ਵਿੱਚ ਇਕ ਘਰ ਉੱਪਰ ਮਈ ਮਹੀਨੇ ਦੌਰਾਨ ਦੋ ਵਾਰ ਹੋਈ ਸ਼ੂਟਿੰਗ ਦੀ ਵਾਰਦਾਤ ਦੀ ਜਾਂਚ ਸਰੀ ਪੁਲਿਸ ਵੱਲੋਂ ਜਬਰਨ ਵਸੂਲੀ ਦੇ ਮਾਮਲੇ ਨਾਲ ਜੋੜ ਕੇ ਕੀਤੀ ਜਾ ਰਹੀ ਹੈ I ਇਸ ਘਰ ਉੱਪਰ ਪਹਿਲੀ ਵਾਰ 14 ਮਈ ਜਦਕਿ ਦੂਜੀ ਵਾਰ 25 ਮਈ ਨੂੰ ਘਰ ਉੱਪਰ ਸ਼ੂਟਿੰਗ ਹੋਈ I

6 ਅਤੇ 7 ਜੂਨ ਦੀ ਰਾਤ ਨੂੰ ਸਰੀ ਦੇ 152 ਸਟ੍ਰੀਟ ਅਤੇ 66 ਐਵੇਨਿਊ ‘ਤੇ ਸਥਿਤ ਰਿਫਲੈਕਸ਼ਨਜ਼ ਬੈਂਕਟ ਹਾਲ ‘ਤੇ ਹੋਈ ਸ਼ੂਟਿੰਗ ਵਿੱਚ ਮਾਲਕ ਵੱਲੋਂ ਜਬਰਨ ਵਸੂਲੀ ਦੇ ਮਾਮਲੇ ਦਾ ਦਾਅਵਾ ਕੀਤਾ ਜਾ ਚੁੱਕਾ ਹੈ I

11 ਮਾਰਚ ਦੀ ਰਾਤ ਨੂੰ ਸ਼ੂਟਿੰਗ ਦੀ ਵਾਰਦਾਤ ਵਿੱਚ ਇਕ ਵਿਅਕਤੀ ਜ਼ਖਮੀ ਹੋਇਆ ਅਤੇ ਸਰੀ ਪੁਲਿਸ ਨੇ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ I 26 ਜਨਵਰੀ ਨੂੰ ਸ਼ਹਿਰ ਦੀ 142 ਸਟ੍ਰੀਟ ਅਤੇ 72 ਐਵੇਨਿਊ ‘ਤੇ ਸ਼ੂਟਿੰਗ ਦੀ ਵਾਰਦਾਤ ਨੂੰ ਸਰੀ ਪੁਲਿਸ ਵੱਲੋਂ ਰਿਸਪਾਂਡ ਕੀਤਾ ਗਿਆ I 5 ਜਨਵਰੀ ਦੀ ਰਾਤ ਨੂੰ ਇਕ ਘਰ ਉੱਪਰ ਉਸ ਸਮੇਂ ਸ਼ੂਟਿੰਗ ਹੋਈ ਜਦੋਂ ਘਰ ਵਿੱਚ ਕੋਈ ਨਹੀਂ ਸੀ I

ਸਰੀ ਪੁਲਿਸ ਵੱਲੋਂ ਜਬਰਨ ਵਸੂਲੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਖ਼ਾਸ ਟੀਮ ਦਾ ਗਠਨ

ਸਰੀ ਪੁਲਿਸ ਦੇ ਚੀਫ਼ ਨੌਰਮ ਲਪਿੰਸਕੀ I
ਸਰੀ ਪੁਲਿਸ ਦੇ ਚੀਫ਼ ਨੌਰਮ ਲਪਿੰਸਕੀ Iਤਸਵੀਰ: BEN NELMS/CBC

ਸਰੀ ਪੁਲਿਸ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਸੁਰੱਖਿਆ ਬਾਬਤ ਚਿੰਤਾ ਨਾ ਕਰਨ ਦੀ ਅਪੀਲ ਕੀਤੀ ਜਾ ਚੁੱਕੀ ਹੈI

ਪੰਜਾਬੀ ਭਾਈਚਾਰੇ ਵੱਲੋਂ ਜੂਨ ਮਹੀਨੇ ਦੌਰਾਨ ਰੱਖੀ ਮੀਟਿੰਗ ਦੌਰਾਨ ਸਰੀ ਪੁਲਿਸ ਦੇ ਚੀਫ਼ ਨੌਰਮ ਲਪਿੰਸਕੀ ਨੇ ਕਿਹਾ ਕਿ ਜਬਰਨ ਵਸੂਲੀ ਦੇ ਮਾਮਲਿਆਂ ਲਈ ਪੁਲਿਸ ਦੀ ਇਕ ਅਲੱਗ ਟੀਮ ਕੰਮ ਕਰ ਰਹੀ ਹੈI

ਚੀਫ਼ ਨੌਰਮ ਲਪਿੰਸਕੀ ਨੇ ਅਜਿਹੇ ਮਾਮਲੇ ਸਾਹਮਣੇ ਆਉਣ ‘ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕਰ ਚੁੱਕੇ ਹਨ I ਲਪਿੰਸਕੀ ਦਾ ਮੰਨਣਾ ਹੈ ਕਿ ਅਜਿਹੇ ਬਹੁਤ ਸਾਰੇ ਮਾਮਲੇ ਰਿਪੋਰਟ ਨਹੀਂ ਹੋ ਰਹੇ ਹਨ I

ਸਰੀ ਮੇਅਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਪਰਾਧਿਕ ਸਮੱਗਰੀ ਵਾਲੇ ਕੰਟੈਂਟ ‘ਤੇ ਪਾਬੰਦੀ ਲਗਾਉਣ ਦੀ ਮੰਗ

ਜੂਨ ਮਹੀਨੇ ਦੌਰਾਨ ਪੰਜਾਬੀ ਭਾਈਚਾਰੇ ਵੱਲੋਂ ਕੀਤੇ ਇਕ ਇਕੱਠ ਵਿੱਚ ਸਰੀ ਦੇ ਮੇਅਰ ਬ੍ਰੈਂਡਾ ਲੌਕ ਆਖ ਚੁੱਕੇ ਹਨ ਕਿ ਸਰੀ ਦੇ ਨਿਵਾਸੀ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਨਹੀਂ ਮਿਲ ਰਹੀ I

ਉਕਤ ਮੀਟਿੰਗ ਵਿੱਚ ਬੋਲਦਿਆਂ ਮੇਅਰ ਬ੍ਰੈਂਡਾ ਲੌਕ ਨੇ ਆਖਿਆ ਸੀ ਕਿ ਉਹ ਫ਼ੈਡਰਲ ਪੱਧਰ ‘ਤੇ ਕੈਨੇਡਾ ਦੇ ਪਬਲਿਕ ਸੇਫ਼ਟੀ ਮਨਿਸਟਰ, ਸੈਨੇਟਰਜ਼ ਅਤੇ ਪ੍ਰੋਵਿੰਸ਼ੀਅਲ ਪੱਧਰ ‘ਤੇ ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫ਼ਟੀ ਮਨਿਸਟਰ ਅਤੇ ਅਟੌਰਨੀ ਜਨਰਲ ਨਾਲ ਮੁਲਾਕਾਤਾਂ ਕਰ ਚੁੱਕੇ ਹਨ I

By Rajeev Sharma

Leave a Reply

Your email address will not be published. Required fields are marked *