CM ਮਾਨ ਨੇ ਅਸਿੱਧੇ ਤਰੀਕੇ ਨਾਲ ਬਿਆਸ ਡੇਰਾ ਮੁਖੀ ‘ਤੇ ਵਿੰਨ੍ਹਿਆ ਨਿਸ਼ਾਨਾ

ਨੈਸ਼ਨਲ ਟਾਈਮਜ਼ ਬਿਊਰੋ :-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੇ ਨੇ ਪੰਜਾਬ ਦੀ ਸਿਆਸਤ ‘ਚ ਨਵੀਂ ਚਰਚਾ ਛੇੜ ਦਿੱਤੀ ਹੈ, ਕਿਉਂਕਿ ਇਸ ਪੋਸਟ ਰਾਹੀਂ ਮੁੱਖ ਮੰਤਰੀ ਮਾਨ ਨੇ ਅਸਿੱਧੇ ਤੌਰ ‘ਤੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਨਾਭਾ ਜੇਲ੍ਹ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨਾਲ ਕੀਤੀ ਮੁਲਾਕਾਤ ਅਤੇ ਮੁਲਾਕਾਤ ਮਗਰੋਂ ਜੇਲ੍ਹ ‘ਚੋਂ ਬਾਹਰ ਆ ਕੇ ਡੇਰਾ ਮੁਖੀ ਵੱਲੋਂ ਦਿੱਤੇ ਗਏ ਬਿਆਨ ‘ਤੇ ਸ਼ਾਇਰਾਨਾ ਤੰਜ ਕੱਸਿਆ ਹੈ। ਆਪਣੀ ਪੋਸਟ ‘ਚ ਮਾਨ ਨੇ ਲਿਖਿਆ- ”ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਓਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ।”

ਡੇਰਾ ਬਿਆਸ ਮੁਖੀ ਵੱਲ ਇਸ਼ਾਰਾ ?
ਹਾਲਾਂਕਿ ਮੁੱਖ ਮੰਤਰੀ ਨੇ ਆਪਣੀ ਪੋਸਟ ‘ਚ ਕਿਸੇ ਦਾ ਸਿੱਧਾ ਨਾਂ ਨਹੀਂ ਲਿਆ, ਪਰ ਸਿਆਸੀ ਮਾਹਿਰ ਅਤੇ ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਡੇਰਾ ਬਿਆਸ ਮੁਖੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਚਰਚਾ ਹੈ ਕਿ ਮੁਖ ਮੰਤਰੀ ਨੇ ਅਸਿੱਧੇ ਤੌਰ ‘ਤੇ ਡੇਰਾ ਬਿਆਸ ਮੁਖੀ ਨੂੰ ਨਿਸ਼ਾਨੇ ‘ਤੇ ਲਿਆ ਹੈ। 

ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਨੂੰ ਜੂਨ 2025 ‘ਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਪਿਛਲੇ ਕਰੀਬ 7 ਮਹੀਨਿਆਂ ਤੋਂ ਉਹ ਨਾਭਾ ਜੇਲ੍ਹ ‘ਚ ਬੰਦ ਹਨ। ਅਕਾਲੀ ਦਲ ਮਜੀਠੀਆ ‘ਤੇ ਹੋਈ ਇਸ ਕਾਰਵਾਈ ਨੂੰ ਪੰਜਾਬ ਸਰਕਾਰ ਦੀ ‘ਬਦਲੇ ਦੀ ਸਿਆਸਤ’ ਦੱਸਦਾ ਰਿਹਾ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਪੂਰੀ ਵਾਹ ਲਾਈ ਸੀ ਕਿ ਮਜੀਠੀਆ ਨੂੰ ਜ਼ਮਾਨਤ ਨਾ ਮਿਲ ਸਕੇ, ਪਰ ਬੀਤੇ ਦਿਨ ਸੁਪਰੀਮ ਕੋਰਟ ਵੱਲੋਂ ਆਇਆ ਫ਼ੈਸਲਾ ਪੰਜਾਬ ਸਰਕਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਮਜੀਠੀਆ ਜੇਲ੍ਹ ‘ਚੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਸਰਕਾਰ ਤੇ ਭਗਵੰਤ ਮਾਨ ਬਾਰੇ ਕੀ ਬੋਲਦੇ ਹਨ, ਪਰ ਬਾਬਾ ਗੁਰਿੰਦਰ ਢਿੱਲੋਂ ਵੱਲੋਂ ਬਿਕਰਮ ਮਜੀਠੀਆ ਨੂੰ ‘ਬੇਗੁਨਾਹ’ ਕਹਿਣਾ ਪੰਜਾਬ ‘ਚ ਨਵੀਂ ਚਰਚਾ ਛੇੜ ਗਿਆ ਹੈ।

By Gurpreet Singh

Leave a Reply

Your email address will not be published. Required fields are marked *