ਡੇਰਾਬੱਸੀ (ਗੁਰਪ੍ਰੀਤ ਸਿੰਘ): ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਡੇਰਾਬੱਸੀ ਤਹਿਸੀਲ ਕੰਪਲੈਕਸ ਦੇ ਨੇੜੇ ਬਣੇ ਪਟਵਾਰਖਾਨੇ ਵਿੱਚ ਅਚਨਚੇਤ ਛਾਪੇਮਾਰੀ ਕੀਤੀ। ਇਸ ਦੌਰਾਨ ਕਈ ਪਟਵਾਰੀ ਆਪਣੇ ਡਿਊਟੀ ਤੇ ਗ਼ੈਰਹਾਜ਼ਰ ਮਿਲੇ। ਜਿਨ੍ਹਾਂ ਖ਼ਿਲਾਫ਼ ਤਹਿਸੀਲਦਾਰ ਡੇਰਾਬੱਸੀ ਨੂੰ ਕਾਰਵਾਈ ਕ,ਨ ਦੀ ਹਿਦਾਇਤ ਕੀਤੀ ਗਈ ਹੈ। ਇਸ ਦੂ ਨਾਲ ਹੀ ਇੱਕ ਪਟਵਾਰੀ ਦੇ ਸਹਾਇਕ ਨੂੰ ਨਾਜਾਇਜ਼ ਤਰੀਕੇ ਨਾਲ ਪੈਸੇ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ। ਜਿਸ ਨੂੰ ਬਾਅਦ ਵਿਚ ਚਿਤਾਵਨੀ ਦਿੰਦੇ ਹੋਏ ਛੱਡ ਦਿੱਤਾ ਗਿਆ।
ਦੱਸਣਯੋਗ ਹੈ ਕਿ ਤਹਿਸੀਲ ਕੰਪਲੈਕਸ ਅਤੇ ਪਟਵਾਰਖਾਨੇ ਵਿੱਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਡੇਰਾਬੱਸੀ ਤਹਿਸੀਲ ਕੰਪਲੈਕਸ ਦੇ ਨੇੜੇ ਬਣੇ ਪਟਵਾਰਖਾਨੇ ਵਿੱਚ ਦਾਖਲ ਹੋਏ। ਉਹ ਇਸ ਮੌਕੇ ਪਟਵਾਰੀਆਂ ਨੂੰ ਡਿਊਟੀ ਤੇ ਚੈੱਕ ਕਰਨ ਦੇ ਮੰਤਵ ਨਾਲ ਆਏ ਸੀ। ਉਨ੍ਹਾਂ ਤਹਿਸੀਲਦਾਰ ਡੇਰਾਬੱਸੀ ਬੀਰਕਰਨ ਸਿੰਘ ਨੂੰ ਨਾਲ ਲੈਕੇ ਪਟਵਾਰਖਾਨੇ ਦਾ ਦੌਰਾ ਕੀਤਾ ਅਤੇ ਉਸ ਸਮੇਂ ਡਿਊਟੀ ਤੇ ਮੌਜੂਦ ਪਟਵਾਰੀਆਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁੱਝ ਪਟਵਾਰੀ ਉਨ੍ਹਾਂ ਦੇ ਹਲਕੇ ਦੇ ਲੋਕਾਂ ਤੋਂ ਨਾਜਾਇਜ਼ ਤਰੀਕੇ ਨਾਲ ਪੈਸੇ ਦੀ ਮੰਗ ਕਰ ਰਹੇ ਹਨ ਅਤੇ ਜਦੋਂ ਉਨ੍ਹਾਂ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀ ਤਾਂ ਉਹ ਲੋਕਾਂ ਦਾ ਕੰਮ ਨਾ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸਾਨ ਕਰਦੇ ਸੀ। ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸ਼ਿਕਾਇਤ ਉਨ੍ਹਾਂ ਨੂੰ ਕੀਤੀ ਜਿਸ ਤੋਂ ਬਾਅਦ ਉਹ ਪਟਵਾਰਖਾਨੇ ਵਿੱਚ ਪਟਵਾਰੀਆਂ ਦੇ ਕੰਮ ਦਾ ਜਾਇਜ਼ਾ ਲੈਣ ਲਈ ਪਹੁੰਚੇ ਸੀ। ਇਸ ਕੁੱਝ ਇੱਕ ਪਟਵਾਰੀ ਗੈਰਹਾਜ਼ਰ ਪਾਏ ਗਏ ਜਦੋਂ ਕਿ ਪਟਵਾਰੀ ਲਈ ਨਿੱਜੀ ਤੌਰ ‘ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਦੋਸ਼ ਹੈ ਕਿ ਉਹ ਕੰਮ ਕਰਨ ਦੇ ਬਦਲੇ ਲੋਕਾਂ ਤੋਂ ਪੈਸੇ ਲੈਂਦਾ ਸੀ ਅਤੇ ਫਿਰ ਇਸ ਪੈਸੇ ਨੂੰ ਪਟਵਾਰੀ ਤੱਕ ਪਹੁੰਚਾਉਂਦਾ ਸੀ। ਹਾਲਾਂਕਿ ਇਸ ਸੰਬੰਧੀ ਕੋਈ ਲਿਖਤੀ ਸ਼ਿਕਾਇਤ ਅਜੇ ਤੱਕ ਪ੍ਰਸ਼ਾਸਨ ਅਤੇ ਪੁਲਿਸ ਤੱਕ ਨਹੀਂ ਪਹੁੰਚੀ ਹੈ। ਜਿਸ ਤੋਂ ਬਾਅਦ ਉਸ ਨੂੰ ਚਿਤਵਾਨੀ ਦੇਣ ਉਪਰੰਤ ਛੱਡ ਦਿੱਤਾ ਗਿਆ। ਇੱਕ ਵਾਰ ਫਿਰ ਸਥਾਨਕ ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਮਾਲ ਵਿਭਾਗ ਸਮੇਤ ਕਿਸੇ ਵੀ ਵਿਭਾਗ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਪੈਸੇ ਦੀ ਮੰਗ ਕਰਦਾ ਹੈ, ਤਾਂ ਸ਼ਿਕਾਇਤ ਸਿੱਧੇ ਉਸ ਨੂੰ ਕੀਤੀ ਜਾਵੇ। ਕਿਉਂਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੈ।
ਦੋ ਪਟਵਾਰੀਆਂ ਖਿਲਾਫ ਲਗਾਏ ਭ੍ਰਿਸ਼ਟਾਚਾਰ ਕਰਨ ਦੇ ਦੋਸ, ਦਿੱਤੀ ਚਿਤਾਵਨੀ
ਹਲਕਾ ਵਿਧਾਇਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ਿਆਮ ਸਿੰਘ ਅਤੇ ਸ੍ਰੀਮਤੀ ਕਿਰਨ ਬਾਲਾ ਨਾਂਅ ਦੇ ਪਟਵਾਰੀਆਂ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਕਾਰਨ ਉਨ੍ਹਾਂ ਨੂੰ ਆਪ ਪਟਵਾਰਖਾਨੇ ਵਿੱਚ ਆਉਣਾ ਪਿਆ ਕਿਉਂਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਹਲਕਾ ਵਿਧਾਇਕ ਲਈ ਚੁਣਿਆ ਹੈ ਅਤੇ ਹੁਣ ਡਿਊਟੀ ਬਣਦੀ ਹੈ ਕਿ ਉਹ ਲੋਕਾਂ ਨੂੰ ਸਾਫ ਸੁਥਰਾ ਅਤੇ ਇਮਾਨਦਾਰ ਪ੍ਰਸ਼ਾਸਨ ਦੇ ਸਕਣ। ਉਨ੍ਹਾਂ ਇਸ ਮੌਕੇ ਮੌਜੂਦ ਪਟਾਵਾਰੀ ਸ੍ਰੀਮਤੀ ਕਿਰਨ ਬਾਲਾ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਖਿਲਾਫ ਸੈਂਕੜੇ ਹੀ ਸ਼ਿਕਾਇਤਾਂ ਹਨ।
ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮ ਕਰਨ ਦੇ ਤਰੀਕੇ ਵਿੱਚ ਸੁਧਾਰ ਕਰੇ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਿਆਮ ਸਿੰਘ ਪਟਵਾਰੀ ਆਪਣੇ ਡਿਊਟੀ ਤੇ ਗ਼ੈਰਹਾਜ਼ਰ ਪਾਏ ਗਏ। ਉਨ੍ਹਾਂ ਦੇ ਸਹਾਇਕ ਨੂੰ ਹਲਕਾ ਵਿਧਾਇਕ ਵੱਲੋਂ ਮੌਕੇ ਤੇ ਪੈਸੇ ਮੰਗਣ ਦੇ ਦੋਸ਼ ਵਿੱਚ ਕਾਬੂ ਵੀ ਕੀਤਾ ਗਿਆ। ਉਨ੍ਹਾਂ ਇਸ ਮੌਕੇ ਤਹਿਸੀਲਦਾਰ ਡੇਰਾਬੱਸੀ ਬੀਰਕਰਨ ਸਿੰਘ ਨੂੰ ਗ਼ੈਰਹਾਜ਼ਰ ਪਾਏ ਗਏ ਪਟਵਾਰੀਆਂ ਖਿਲਾਫ ਕਾਰਵਾਈ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ।
