ਕੈਲਗਰੀ (ਰਾਜੀਵ ਸ਼ਰਮਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਦਸ਼ਮੇਸ਼ ਕਲਚਰ ਸੈਂਟਰ (DCC) – ਸਿੱਖ ਗੁਰਦੁਆਰਾ ਕੈਲਗਰੀ ਵੱਲੋਂ ਕਾਰਨਰਸਟੋਨ, ਕੈਲਗਰੀ ਵਿਖੇ ਨਵੇਂ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ 22 ਤੋਂ 24 ਨਵੰਬਰ, 2026 ਤੱਕ ਤਿੰਨ ਰੋਜ਼ਾ ਫੰਡ ਇਕੱਠਾ ਕਰਨ ਵਾਲੇ ਮੀਡੀਆਥੌਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪ੍ਰਸਤਾਵਿਤ ਪ੍ਰੋਜੈਕਟ 11.5 ਏਕੜ ਜ਼ਮੀਨ ਵਿੱਚ ਫੈਲਿਆ ਹੋਵੇਗਾ। ਇਸ ਵਿੱਚ ਗੁਰਦੁਆਰਾ ਸਾਹਿਬ, ਖਾਲਸਾ ਸਕੂਲ (ਕਿੰਡਰਗਾਰਟਨ ਤੋਂ ਗ੍ਰੇਡ 9 ਤੱਕ) ਅਤੇ ਕਮਿਊਨਿਟੀ ਰਿਸੋਰਸ ਸੈਂਟਰ ਬਣਾਇਆ ਜਾਵੇਗਾ। ਜ਼ਮੀਨ ਦੀ ਖਰੀਦ ’ਤੇ ਲਗਭਗ 14 ਮਿਲੀਅਨ ਡਾਲਰ ਖਰਚ ਹੋਣ ਦਾ ਅਨੁਮਾਨ ਹੈ, ਜਦਕਿ ਪੂਰੇ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੀ ਕੁੱਲ ਲਾਗਤ ਕਰੀਬ 60 ਮਿਲੀਅਨ ਡਾਲਰ ਹੋਵੇਗੀ। ਇਸ ਕੈਂਪਸ ਦਾ ਉਦੇਸ਼ ਧਾਰਮਿਕ ਗਤੀਵਿਧੀਆਂ, ਸਿੱਖਿਆ, ਸਿੱਖ ਵਿਰਾਸਤ ਅਤੇ ਭਾਈਚਾਰਕ ਸੇਵਾਵਾਂ ਲਈ ਇੱਕ ਮਹੱਤਵਪੂਰਨ ਕੇਂਦਰ ਸਥਾਪਤ ਕਰਨਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਤੋਂ ਪ੍ਰੇਰਿਤ ਹੋ ਕੇ DCC ਨੇ ਸਾਧ ਸੰਗਤ ਅਤੇ ਸਮੂਹ ਭਾਈਚਾਰੇ ਨੂੰ ਇਸ ਨੇਕ ਉਪਰਾਲੇ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
ਮੀਡੀਆਥੌਨ 22, 23 ਅਤੇ 24 ਨਵੰਬਰ ਨੂੰ ਹਰ ਰੋਜ਼ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਚੱਲੇਗਾ। ਇਸ ਮੁਹਿੰਮ ਤਹਿਤ ਦਾਨ ਈ-ਟ੍ਰਾਂਸਫਰ ਰਾਹੀਂ donate@dashmesh.ca ’ਤੇ ਭੇਜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 403-590-0970 ’ਤੇ ਫੋਨ ਕਰਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਉਪਰਾਲੇ ਦਾ ਮਕਸਦ ਕੈਲਗਰੀ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਧਾਰਮਿਕ ਆਸਥਾ, ਸਿੱਖਿਆ ਅਤੇ ਭਾਈਚਾਰਕ ਸੇਵਾ ਦੀ ਇੱਕ ਸਥਾਈ ਵਿਰਾਸਤ ਸਿਰਜਣਾ ਹੈ।
