ਪੰਜਾਬ ‘ਚ ਜਾਨਲੇਵਾ ਹੋਈ ਗਰਮੀ, ਇਕ ਹੋਰ ਮੌਤ, ਤਾਪਮਾਨ ਪੁੱਜਾ 47 ਡਿਗਰੀ ਤੋਂ ਪਾਰ

ਗੁਰਦਾਸਪੁਰ  – ਪੰਜਾਬ ਵਿਚ ਗਰਮੀ ਨੇ ਆਪਣਾ ਕਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰਕੇ ਸੂਬੇ ਭਰ ਵਿਚ ਤਾਪਮਾਨ ਵਿਚ ਵੀ ਲਗਾਤਾਰ ਵਾਧਾ ਹੋਣ ਲੱਗਾ ਹੈ। ਪੰਜਾਬ ਵਿਚ ਤਾਪਮਾਨ 47 ਡਿਗਰੀ ਤੋਂ ਪਾਰ ਹੋ ਚੁੱਕਾ ਹੈ। ਇਸੇ ਵਿਚਾਲੇ ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗਰਮੀ ਕਾਰਨ ਇਕ ਸ਼ਖ਼ਸ ਦੀ ਮੌਤ ਹੋ ਗਈ। ਉਕਤ ਵਿਅਕਤੀ ਦੀ ਲਾਸ਼ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ (62) ਹਿਮਾਚਲ ਵਿਚ ਪੇਂਟ ਦਾ ਕੰਮ ਕਰਦਾ ਸੀ ਅਤੇ ਹਿਮਾਚਲ ਤੋਂ ਵਾਪਸ ਆਉਂਦੇ ਸਮੇਂ ਉਕਤ ਵਿਅਕਤੀ ਦੀ ਰੇਲਵੇ ਸਟੇਸ਼ਨ ‘ਤੇ ਗਰਮੀ ਕਾਰਨ ਹਾਲਕ ਖ਼ਰਾਬ ਹੋਈ ਅਤੇ ਬਾਅਦ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਧਾਰ ਕਾਰਡ ਦੇ ਜ਼ਰੀਏ ਉਕਤ ਵਿਅਕਤੀ ਦੀ ਪਛਾਣ ਕੀਤੀ ਗਈ ਹੈ।

ਮ੍ਰਿਤਕ ਵਿਅਕਤੀ ਦੀ ਪਛਾਣ ਪਿੰਡ ਕਾਲਾ ਨੰਗਲ ਦੇ ਰਹਿਣ ਵਾਲੇ 62 ਸਾਲਾ ਵਿਜੇ ਕੁਮਾਰ ਦੇ ਤੌਰ ’ਤੇ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਵਿਜੇ ਦੇ ਪੁੱਤਰ ਰਾਹੁਲ ਨੇ ਦੱਸਿਆ ਕਿ ਉਸ ਦੇ ਪਿਤਾ ਵਿਜੇ ਕੁਮਾਰ ਪੇਂਟ ਦਾ ਕੰਮ ਕਰਦੇ ਸਨ। ਸ਼ਨੀਵਾਰ ਨੂੰ ਉਹ ਕੰਮ ਦੇ ਸਬੰਧ ਵਿੱਚ ਹਿਮਾਚਲ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ‘ਤੇ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ।

ਰਾਹੁਲ ਨੇ ਦੱਸਿਆ ਕਿ ਉਸ ਦੇ ਪਿਤਾ ਵਿਜੇ ਕੁਮਾਰ ਨੂੰ ਰੀੜ੍ਹ ਦੀ ਹੱਡੀ ਦੀ ਸਮੱਸਿਆ ਸੀ, ਜਿਸ ਦੀ ਦੋ ਸਾਲ ਤੋਂ ਦਵਾਈ ਵੀ ਚੱਲ ਰਹੀ ਸੀ। ਇਸ ਸਬੰਧੀ ਰੇਲਵੇ ਨਾਲ ਸਬੰਧਤ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਬੈਂਚ ‘ਤੇ ਵਿਜੇ ਕੁਮਾਰ ਦੀ ਮ੍ਰਿਤਕ ਦੇਹ ਮਿਲੀ ਹੈ, ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਥੇ ਇਹ ਵੀ ਦੱਸ ਦੇਈਏ ਕਿ ਇਸ ਦੇ ਪਹਿਲਾਂ ‘ਲੂ’ ਕਾਰਨ ਪੰਜਾਬ ਦੇ ਜਲੰਧਰ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਸੀ। 

ਪਿਛਲੇ 24 ਘੰਟਿਆਂ ‘ਚ ਸੂਬੇ ਦੇ ਤਾਪਮਾਨ ‘ਚ 3 ਡਿਗੀਰ ਦਾ ਹੋਇਆ ਵਾਧਾ
ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਹੋਇਆ ਹੈ, ਜੋਕਿ ਆਮ ਨਾਲੋਂ 5.4 ਡਿਗਰੀ ਵੱਧ ਹੈ। ਬਠਿੰਡਾ ਦੇਸ਼ ਵਿੱਚ ਸਭ ਤੋਂ ਗਰਮ ਰਿਹਾ ਹੈ। ਇਥੇ 47.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ। ਅੱਜ 18 ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਰਾਤ ਨੂੰ ਵੀ ਗਰਮੀ ਵਧਣ ਦੀ ਸੰਭਾਵਨਾ ਹੈ। ਇਹ ਸਥਿਤੀ 12 ਜੂਨ ਤੱਕ ਬਣੀ ਰਹਿ ਸਕਦੀ ਹੈ, ਜਿਸ ਤੋਂ ਬਾਅਦ ਮੀਂਹ ਪੈਣ ਦੀ ਉਮੀਦ ਹੈ।

ਧਿਆਨ ਦੇਣਯੋਗ ਹੈ ਕਿ 13 ਸਾਲਾਂ ਬਾਅਦ ਇੰਨੀ ਭਿਆਨਕ ਗਰਮੀ ਪੈ ਰਹੀ ਹੈ। ਇਸ ਤੋਂ ਪਹਿਲਾਂ 1 ਜੂਨ 2012 ਨੂੰ ਅੰਮ੍ਰਿਤਸਰ ਵਿੱਚ 47.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਾਨ ਵੀ 44 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਬਿਜਲੀ ਦੀ ਮੰਗ ਵੀ ਵਧ ਕੇ 16,249 ਮੈਗਾਵਾਟ ਹੋ ਗਈ ਹੈ।

By Gurpreet Singh

Leave a Reply

Your email address will not be published. Required fields are marked *