ਗੁਰਪ੍ਰੀਤ ਸਿੰਘ :- ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿਤਰਾ ਨੇ ਵਿਧਾਨ ਸਭਾ ਹਲਕਾ ਧਰਮਕੋਟ ਅਤੇ ਗੜ੍ਹਸ਼ੰਕਰ ’ਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ. ਆਈ. ਆਰ.-2026) ਤਹਿਤ ਚੋਣ ਰਿਕਾਰਡਾਂ ਤੇ ਪ੍ਰਕਿਰਿਆਵਾਂ 100 ਫ਼ੀਸਦੀ ਡਿਜੀਟਲ ਹੋਣ ‘ਤੇ ਖ਼ੁਸ਼ੀ ਪ੍ਰਗਟਾਉਂਦਿਆਂ ਪੰਜਾਬ ਦੀ ਚੋਣ ਪ੍ਰਣਾਲੀ ਲਈ ਮਹੱਤਵਪੂਰਨ ਉਪਲੱਬਧੀ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਮੀਲ ਪੱਥਰ ਚੋਣ ਪ੍ਰਬੰਧਨ ’ਚ ਪਾਰਦਰਸ਼ਤਾ, ਕੁਸ਼ਲਤਾ ਅਤੇ ਆਧੁਨਿਕ ਤਕਨਾਲੋਜੀ ਦੇ ਪ੍ਰਭਾਵਸ਼ਾਲੀ ਇਸਤੇਮਾਲ ਵੱਲ ਪੰਜਾਬ ਦੀ ਨਿਰੰਤਰ ਤਰੱਕੀ ਦਾ ਸਪੱਸ਼ਟ ਸਬੂਤ ਹੈ। ਇਸ ਉਪਰਾਲੇ ਨਾਲ ਨਾ ਸਿਰਫ਼ ਚੋਣੀ ਪ੍ਰਕਿਰਿਆ ਹੋਰ ਸੁਚਾਰੂ ਬਣੇਗੀ, ਸਗੋਂ ਭਵਿੱਖ ’ਚ ਵੋਟਰ ਸੇਵਾਵਾਂ ਨੂੰ ਵੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮੁਹੱਈਆ ਕਰਵਾਇਆ ਜਾ ਸਕੇਗਾ।
ਮੁੱਖ ਚੋਣ ਅਧਿਕਾਰੀ ਨੇ ਸਫ਼ਲਤਾ ਦਾ ਸਿਹਰਾ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀ. ਈ. ਓ), ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ. ਆਰ. ਓ) ਅਤੇ ਬੂਥ ਲੈਵਲ ਅਫ਼ਸਰਾਂ (ਬੀ. ਐੱਲ. ਓਜ਼.) ਦੇ ਸਮਰਪਿਤ ਤੇ ਤਾਲਮੇਲ ਭਰੇ ਯਤਨਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਧਰਮਕੋਟ ਅਤੇ ਗੜ੍ਹਸ਼ੰਕਰ ਹੁਣ ਸੂਬੇ ਦੇ ਹੋਰ ਹਲਕਿਆਂ ਲਈ ਇਕ ਮਾਡਲ ਵਜੋਂ ਉਭਰੇ ਹਨ। ਮਿਤਰਾ ਨੇ ਦੱਸਿਆ ਕਿ ਪੰਜਾਬ ‘ਚ ਐੱਸ. ਆਈ. ਆਰ.-2026 ਤਹਿਤ ਘਰ-ਘਰ ਜਾ ਕੇ ਵੋਟਰਾਂ ਦੇ ਵੇਰਵਿਆਂ ਦੀ ਤਸਦੀਕ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਸੇ ਸਿਲਸਿਲੇ ‘ਚ ਉਨ੍ਹਾਂ ਸੂਬੇ ਦੇ ਸਮੂਹ ਯੋਗ ਵੋਟਰਾਂ ਨੂੰ ਐਤਵਾਰ ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ‘ਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਸਹੀ, ਅਪਡੇਟ ਅਤੇ ਤਰੁੱਟੀ ਰਹਿਤ ਬਣਾਇਆ ਜਾ ਸਕੇ।
