ਨੈਸ਼ਨਲ ਟਾਈਮਜ਼ ਬਿਊਰੋ :- ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਪਿਛਲੇ ਹਫ਼ਤੇ ਪਨਾਹਗੀਰਾਂ ਨੂੰ ਵਰਕ ਪਰਮਿਟ ਜਾਰੀ ਕਰਨ ਦੇ ਵਾਅਦੇ ਤੋਂ ਪਿੱਛੇ ਹਟ ਗਏ ਹਨ।
ਫੋਰਡ ਅਤੇ ਦੇਸ਼ ਦੇ ਬਾਕੀ ਪ੍ਰੀਮੀਅਰਾਂ ਨੇ ਪਿਛਲੇ ਹਫ਼ਤੇ ਆਪਣੀ ਬੈਠਕ ਵਿੱਚ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ, ਜੋ ਕਿ ਮੁੱਖ ਤੌਰ ‘ਤੇ ਫ਼ੈਡਰਲ ਸਰਕਾਰ ਦਾ ਅਧਿਕਾਰ ਖੇਤਰ ਹੈ, ‘ਤੇ ਵਧੇਰੇ ਨਿਯੰਤਰਣ ਚਾਹੁੰਦੇ ਹਨ।
ਓਨਟੇਰਿਓ ਦੇ ਪ੍ਰੀਮੀਅਰ ਨੇ ਵਾਅਦਾ ਕੀਤਾ ਸੀ ਉਹ ਪਨਾਹਗੀਰਾਂ ਨੂੰ ਵਰਕ ਪਰਮਿਟ ਜਾਰੀ ਕਰਨਗੇ, ਕਿਉਂਕਿ ਉਨ੍ਹਾਂ ਅਤੇ ਐਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿੱਥ ਨੂੰ ਲੱਗਿਆ ਕਿ ਉਹਨਾਂ ਨੇ ਸੰਵਿਧਾਨ ਵਿੱਚ ਇੱਕ ਤਰੀਕਾ ਲੱਭ ਲਿਆ ਸੀ ਜਿਸ ਨਾਲ ਇਹ ਕੰਮ ਕੀਤਾ ਜਾ ਸਕਦਾ ਹੈ।
ਉਹ ਕਹਿੰਦੇ ਹਨ ਕਿ ਫੈਡਰਲ ਸਰਕਾਰ ਵਰਕ ਪਰਮਿਟ ਜਾਰੀ ਕਰਨ ਵਿੱਚ ਬਹੁਤ ਸਮਾਂ ਲੈ ਰਹੀ ਹੈ, ਪਰ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਇਹ ਪਰਮਿਟ 45 ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਂਦੇ ਹਨ।
ਹੁਣ ਫੋਰਡ ਕਹਿੰਦੇ ਹਨ ਕਿ ਉਹ ਫੈਡਰਲ ਸਰਕਾਰ ਦਾ ਕੰਮ ਨਹੀਂ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਨੇ ਅਪਣਾ ਮਨ ਕਿਉਂ ਬਦਲਿਆ।
ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਉਹ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਮਿਲ ਕੇ 2026 ਤੋਂ 2028 ਤੱਕ ਇਮੀਗ੍ਰੇਸ਼ਨ ਦੇ ਪੱਧਰਾਂ ਦੀ ਯੋਜਨਾ ਬਣਾ ਰਹੇ ਹਨ।
