ਫਤਾਹਪੁਰ ‘ਚ ਨਸ਼ੇੜੀਆਂ ਦੇ ਖੁਲ੍ਹੇ ਹੌਸਲੇ… ਨਸ਼ਾ ਕਰਨ ਤੋਂ ਰੋਕਣ ਤੇ ਪੰਜਾਬ ਪੁਲਿਸ ਮੁਲਾਜ਼ਮ ਦੇ ਘਰ ‘ਚ ਵੜ ਕੇ ਹਮਲਾ

ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਦੇ ਪਿੰਡ ਫਤਾਹਪੁਰ (ਬਾਬਾ ਜੀਵਨ ਸਿੰਘ ਕਲੋਨੀ) ਤੋਂ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਇਲਾਕੇ ‘ਚ ਨਸ਼ਾ ਕਰ ਰਹੇ ਕੁਝ ਨੌਜਵਾਨਾਂ ਨੂੰ ਟੋਕਣਾ ਇੱਕ ਪੰਜਾਬ ਪੁਲਿਸ ਮੁਲਾਜ਼ਮ ਨੂੰ ਭਾਰੀ ਪੈ ਗਿਆ। ਦਾਅਵਾ ਹੈ ਕਿ ਟੋਕਣ ਤੋਂ ਬਾਅਦ 15 ਤੋਂ 20 ਨੌਜਵਾਨਾਂ ਨੇ ਇਕੱਠੇ ਹੋ ਕੇ ਪੁਲਿਸ ਮੁਲਾਜ਼ਮ ਦੇ ਘਰ ‘ਤੇ ਹਮਲਾ ਕਰ ਦਿੱਤਾ, ਪੱਥਰਬਾਜ਼ੀ ਕੀਤੀ ਤੇ ਘਰ ਅੰਦਰ ਵੜ ਕੇ ਕੁੱਟਮਾਰ ਕੀਤੀ, ਜਿਸ ਕਾਰਨ ਮੁਲਾਜ਼ਮ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।

ਨਸ਼ਾ ਕਰਨ ਤੋਂ ਰੋਕਣਾ ਪਿਆ ਮਹਿੰਗਾ

ਜ਼ਖ਼ਮੀ ਪੰਜਾਬ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਨੇ ਹਸਪਤਾਲ ‘ਚ ਇਲਾਜ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਗਲੀ ‘ਚ ਕੁਝ ਨੌਜਵਾਨ ਅਕਸਰ ਸ਼ਰਾਬ ਤੇ ਹੋਰ ਨਸ਼ੇ ਕਰਦੇ ਹਨ, ਜਿਸ ਕਾਰਨ ਇਲਾਕੇ ਦੇ ਲੋਕ ਤੇ ਆਉਣ-ਜਾਣ ਵਾਲੀਆਂ ਔਰਤਾਂ ਪਰੇਸ਼ਾਨ ਰਹਿੰਦੀਆਂ ਹਨ। ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਉੱਥੋਂ ਹਟਣ ਤੇ ਅਜਿਹੀਆਂ ਹਰਕਤਾਂ ਨਾ ਕਰਨ ਲਈ ਕਿਹਾ ਤਾਂ ਉਹ ਚਲੇ ਗਏ, ਪਰ ਕੁਝ ਸਮੇਂ ਬਾਅਦ ਵੱਡੀ ਗਿਣਤੀ ‘ਚ ਵਾਪਸ ਆ ਕੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ।

ਪੀੜਤ ਦੇ ਅਨੁਸਾਰ ਹਮਲਾਵਰਾਂ ਨੇ ਇੱਟਾਂ ਤੇ ਰੋੜੇ ਮਾਰ ਕੇ ਉਨ੍ਹਾਂ ਨੂੰ ਜ਼ਖ਼ਮੀ ਕੀਤਾ, ਜਿਸ ਨਾਲ ਸਿਰ ਤੇ ਗੋਡੇ ‘ਤੇ ਗੰਭੀਰ ਸੱਟਾਂ ਲੱਗੀਆਂ। ਪਰਿਵਾਰ ਦਾ ਇਹ ਵੀ ਦਾਅਵਾ ਹੈ ਕਿ ਹਮਲੇ ਦੌਰਾਨ ਦਸਤਾਰ ਦੀ ਬੇਅਦਬੀ ਵੀ ਕੀਤੀ ਗਈ ਤੇ ਘਰ ‘ਚ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪੀੜਤ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਹਮਲਾਵਰਾਂ ਨੂੰ ਪੂਰੀ ਜਾਣਕਾਰੀ ਸੀ ਕਿ ਉਨ੍ਹਾਂ ਦੇ ਪਤੀ ਪੰਜਾਬ ਪੁਲਿਸ ‘ਚ ਤਾਇਨਾਤ ਹਨ, ਇਸ ਦੇ ਬਾਵਜੂਦ ਉਨ੍ਹਾਂ ਨੇ ਘਰ ‘ਤੇ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਘਰ ‘ਚ ਪਰਿਵਾਰ ਦੀਆਂ ਮਹਿਲਾਵਾਂ ਵੀ ਮੌਜੂਦ ਸਨਅਤੇ ਹਮਲੇ ਕਾਰਨ ਸਾਰਾ ਪਰਿਵਾਰ ਸਹਿਮਿਆ ਹੋਇਆ ਹੈ। ਪਰਿਵਾਰ ਨੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਤੇ ਇਨਸਾਫ਼ ਦੀ ਮੰਗ ਕੀਤੀ ਹੈ।

ਜ਼ਖ਼ਮੀ ਮੁਲਾਜ਼ਮ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਪਹਿਲਾਂ ਭਾਰਤੀ ਫ਼ੌਜ ‘ਚ ਵੀ ਸੇਵਾ ਨਿਭਾ ਚੁੱਕੇ ਹਨ ਤੇ ਹੁਣ ਪੰਜਾਬ ਪੁਲਿਸ ‘ਚ ਡਿਊਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਘਰ ‘ਤੇ ਪੱਥਰਬਾਜ਼ੀ ਕਰਨ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨਾਲ ਵੀ ਧੱਕਾਮੁੱਕੀ ਤੇ ਗਾਲੀ-ਗਲੋਚ ਕੀਤੀ।

ਸਮਾਜਿਕ ਜਥੇਬੰਦੀਆਂ ਨੇ ਕੀਤੀ ਨਿੰਦਾ

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਦਸਮੇਸ਼ ਤਰਨਾ ਦਲ ਇਲੈਕਸ਼ਨ ਕਮੇਟੀ (ਪੰਜਾਬ) ਦੇ ਪ੍ਰਧਾਨ ਦਾਸ ਕਰਮ ਸਿੰਘ ਭੱਟੀ ਤੇ ਹੋਰ ਆਗੂ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਇੱਕ ਪੁਲਿਸ ਮੁਲਾਜ਼ਮ ‘ਤੇ ਇਸ ਤਰ੍ਹਾਂ ਦਾ ਹਮਲਾ ਹੋ ਸਕਦਾ ਹੈ ਤਾਂ ਇਹ ਕਾਨੂੰਨ-ਵਿਵਸਥਾ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ। ਉਨ੍ਹਾਂ ਦੇ ਅਨੁਸਾਰ ਫਤਾਹਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਵੀ ਸ਼ਿਕਾਇਤ ਦਿੱਤੀ ਗਈ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਦੋਵੇਂ ਪੱਖਾਂ ਦੇ ਬਿਆਨ ਤੇ ਸਬੂਤ ਇਕੱਠੇ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਾਂਚ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *