ਨੈਸ਼ਨਲ ਟਾਈਮਜ਼ ਬਿਊਰੋ :- 25 ਫਰਵਰੀ ਨੂੰ ਦੀਨਾਨਗਰ ਪੁਲਿਸ ਨੇ ਨੈਸ਼ਨਲ ਹਾਈਵੇ ਸ਼ੂਗਰ ਮਿੱਲ ਪਨਿਆੜ ਨੇੜੇ ਨਾਕਾਬੰਦੀ ਦੌਰਾਨ ਇੱਕ ਕਾਰ ‘ਚੋਂ 17 ਗ੍ਰਾਮ ਅਫੀਮ ਅਤੇ 32 ਬੋਰ ਦੀ ਪਿਸਤੌਲ ਬਰਾਮਦ ਕੀਤੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ—ਅਵਿਨਾਸ਼ ਸਿੰਘ (ਵਾਸੀ ਸੇਖੂਪੁਰ ਮਜੀਰੀ, ਥਾਣਾ ਨਰੋਟ ਜੈਮਲ ਸਿੰਘ) ਅਤੇ ਹਰਸ਼ ਸੈਣੀ (ਵਾਸੀ ਕਾਂਸੀ ਬਾੜਮਾ, ਥਾਣਾ ਨਰੋਟ ਜੈਮਲ ਸਿੰਘ)—ਨੂੰ ਗ੍ਰਿਫਤਾਰ ਕੀਤਾ।
ਗ੍ਰਿਫਤਾਰ ਹੋਏ ਮੁਲਜ਼ਮ ਅਵਿਨਾਸ਼ ਸਿੰਘ ਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਸਨੇ ਕੁਝ ਦਿਨ ਪਹਿਲਾਂ ਚਰਨਜੀਤ ਸਿੰਘ (ਵਾਸੀ ਮੇਨ ਬਾਜ਼ਾਰ, ਮੁਸਤਫਾਬਾਦ ਵਿਜੇ ਨਗਰ, ਅੰਮ੍ਰਿਤਸਰ) ਤੋਂ ਅਫੀਮ ਖਰੀਦੀ ਸੀ। ਉਸਨੇ ਇਹ ਵੀ ਦੱਸਿਆ ਕਿ ਕੁਝ ਅਫੀਮ ਨੈਸ਼ਨਲ ਹਾਈਵੇ ਦੀਨਾਨਗਰ ਨੇੜੇ ਇੱਕ ਲਿੰਕ ਰੋਡ ‘ਤੇ ਲੁਕਾ ਕੇ ਰੱਖੀ ਹੋਈ ਹੈ। ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ‘ਤੇ 50 ਗ੍ਰਾਮ ਹੋਰ ਅਫੀਮ ਬਰਾਮਦ ਕਰ ਲਈ।
ਪੁਲਿਸ ਹੁਣ ਮੁਲਜ਼ਮ ਚਰਨਜੀਤ ਸਿੰਘ ਦੀ ਭਾਲ ਕਰ ਰਹੀ ਹੈ। ਇਨ੍ਹਾਂ ਤੋਂ ਇਲਾਵਾ, ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਗੁਰਜੀਤ ਸਿੰਘ (ਵਾਸੀ ਨਵਾਂ ਨੌਸ਼ਹਿਰਾ) ਨੂੰ 100 ਗ੍ਰਾਮ ਅਫੀਮ, 450 ਗ੍ਰਾਮ ਚੂਰਾ ਪੋਸਤ ਅਤੇ 3 ਹਜ਼ਾਰ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
