ਟੈਰਿਫ ’ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਬੈਠਕ ਟਲੀ, ਨਵੇਂ ਸਿਰੇ ਤੋਂ ਹੋਵੇਗੀ ਗੱਲਬਾਤ

ਨਵੀਂ ਦਿੱਲੀ- ਭਾਰਤ ਅਤੇ ਅਮਰੀਕਾ ਨੇ ਅੰਤਰਿਮ ਵਪਾਰ ਸਮਝੌਤੇ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਵਾਸ਼ਿੰਗਟਨ ’ਚ ਆਪਣੇ ਮੁੱਖ ਵਾਰਤਾਕਾਰਾਂ ਦੀ ਤਜਵੀਜ਼ਤ ਬੈਠਕ ਨੂੰ ਨਵੇਂ ਸਿਰੇ ਤੋਂ ਤੈਅ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਟੀਮ 23 ਫਰਵਰੀ ਤੋਂ ਤਿੰਨ ਦਿਨਾ ਬੈਠਕ ਸ਼ੁਰੂ ਕਰਨ ਵਾਲੀ ਸੀ। ਵਣਜ ਮੰਤਰਾਲਾ ’ਚ ਸੰਯੁਕਤ ਸਕੱਤਰ ਦਰਪਣ ਜੈਨ ਇਸ ਸਮਝੌਤੇ ਲਈ ਭਾਰਤ ਵਲੋਂ ਮੁੱਖ ਵਾਰਤਾਕਾਰ ਹਨ।

ਇਕ ਸੂਤਰ ਨੇ ਕਿਹਾ, “ਭਾਰਤ-ਅਮਰੀਕਾ ਵਪਾਰ ਸਮਝੌਤੇ ਲਈ ਭਾਰਤੀ ਵਾਰਤਾਕਾਰਾਂ ਦੀ ਅਮਰੀਕਾ ਯਾਤਰਾ ਦੇ ਸੰਦਰਭ ’ਚ ਦੋਵਾਂ ਧਿਰਾਂ ਦਾ ਮੰਨਣਾ ਹੈ ਕਿ ਹੁਣ ਇਹ ਬੈਠਕ ਉਦੋਂ ਹੋਣੀ ਚਾਹੀਦੀ ਹੈ ਜਦੋਂ ਦੋਵੇਂ ਧਿਰ ਤਾਜ਼ਾ ਘਟਨਾਚੱਕਰਾਂ ਅਤੇ ਉਸ ਦੇ ਪ੍ਰਭਾਵ ਦਾ ਮੁਲਾਂਕਣ ਕਰ ਲੈਣ। ਇਸ ਲਈ ਦੋਵਾਂ ਧਿਰਾਂ ਨੂੰ ਸਮਾਂ ਚਾਹੀਦਾ ਹੈ। ਹੁਣ ਇਸ ਬੈਠਕ ਦੀ ਤਰੀਕ ਦੋਵਾਂ ਧਿਰਾਂ ਦੀ ਸਹੂਲਤ ਅਨੁਸਾਰ ਨਵੇਂ ਸਿਰਿਓਂ ਤੈਅ ਕੀਤੀ ਜਾਵੇਗੀ।”

ਡੋਨਾਲਡ ਟਰੰਪ ਪ੍ਰਸ਼ਾਸਨ ਦੇ ਪਹਿਲਾਂ ਦੇ ਵੱਡੇ ਟੈਰਿਫ ਦੇ ਖਿਲਾਫ਼ ਅਮਰੀਕਾ ਦੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਘਟਨਾਚੱਕਰ ਮਹੱਤਵਪੂਰਨ ਹੋ ਜਾਂਦਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਭਾਰਤ ਸਮੇਤ ਸਾਰੇ ਦੇਸ਼ਾਂ ’ਤੇ 24 ਫਰਵਰੀ ਤੋਂ 150 ਦਿਨਾਂ ਲਈ 10 ਫੀਸਦੀ ਟੈਰਿਫ ਲਾਇਆ ਸੀ। ਹਾਲਾਂਕਿ, ਸ਼ਨੀਵਾਰ ਨੂੰ ਉਨ੍ਹਾਂ ਨੇ ਟੈਰਿਫ ਵਧਾ ਕੇ 15 ਫੀਸਦੀ ਕਰਨ ਦਾ ਐਲਾਨ ਕੀਤਾ। ਟਰੰਪ ਦੇ ਦੂਜੇ ਕਾਰਜਕਾਲ ’ਚ ਉਨ੍ਹਾਂ ਦੇ ਆਰਥਿਕ ਏਜੰਡੇ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਅਮਰੀਕਾ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਵੱਲੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਤੇ ਲਾਏ ਗਏ ਟੈਰਿਫਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।

By Rajeev Sharma

Leave a Reply

Your email address will not be published. Required fields are marked *