ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਵਿਖੇ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਲੋਕਾਂ ਰੂਬਰੂ ਹੋਏ। ਇਹ ਪ੍ਰੋਗਰਾਮ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦੇਣ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਿੱਧਾ ਸੁਣਨ ਲਈ ਆਯੋਜਿਤ ਕੀਤਾ ਗਿਆ।
ਜਨਤਾ ਨਾਲ ਸੰਵਾਦ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਭਾਖੜਾ ਨਹਿਰ ਦੇ ਪਾਣੀ ਦੀ ਵਰਤੋਂ ‘ਚ ਇਤਿਹਾਸਕ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਿੱਥੇ ਇਹ ਪਾਣੀ 70-75 ਫੀਸਦੀ ਹੀ ਵਰਤਿਆ ਜਾਂਦਾ ਸੀ, ਉੱਥੇ ਹੁਣ ਇਹ ਅੰਕੜਾ 95-96 ਫੀਸਦੀ ਤਕ ਪਹੁੰਚਾਇਆ ਗਿਆ ਹੈ। ਮਾਨ ਨੇ ਜ਼ੋਰ ਦੇ ਕੇ ਕਿਹਾ ਕਿ “ਪਾਣੀ ਦੀ ਇਕ-ਇਕ ਬੂੰਦ ਬਚਾਈ ਹੈ।
”ਮੁੱਖ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ BBMB ਵੱਲੋਂ ਇਸ ਸਬੰਧੀ ਪੰਜਾਬ ਖ਼ਿਲਾਫ ਅਦਾਲਤ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਮੀਨੀ ਪਾਣੀ ਬਚਾਉਣ ਲਈ ਨਹਿਰੀ ਪਾਣੀ ਦੀ ਵਰਤੋਂ ਵਧਾਈ ਜਾਵੇ, ਕਿਉਂਕਿ ਇਹ ਮਿੱਟੀ ਲਈ ਲਾਭਕਾਰੀ ਹੈ।ਇਸ ਮੌਕੇ, ਮੁੱਖ ਮੰਤਰੀ ਨੇ ਸੂਬੇ ਭਰ ਦੇ ਸਰਪੰਚਾਂ ਨਾਲ ਵੀ ਗੱਲਬਾਤ ਕੀਤੀ ਅਤੇ ਪਿੰਡਾਂ ਦੇ ਵਿਕਾਸ ਲਈ ਉਨ੍ਹਾਂ ਤੋਂ ਸੁਝਾਅ ਲਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਤਰੱਕੀ ਲਈ ਖੇਡ ਮੈਦਾਨ, ਪੋਖਰਾਂ ਦੀ ਸਫਾਈ, ਸਕੂਲਾਂ ਦੇ ਨਵੀਨੀਕਰਨ ਅਤੇ ਨਹਿਰੀ ਪਾਣੀ ਨਾਲ ਜੁੜੇ ਅਨੇਕਾਂ ਕੰਮ ਜਾਰੀ ਹਨ।ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿੰਡਾਂ ਦੇ ਚੌਹੱਤੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਗ੍ਰਾਮੀਣ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।
