ਚੰਡੀਗੜ੍ਹ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਆਮ ਲੋਕਾਂ ਵਿੱਚ ਚਿੰਤਾ ਦੇ ਵਿਚਕਾਰ, ਕੇਂਦਰ ਸਰਕਾਰ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਐਕਸਾਈਜ਼ ਡਿਊਟੀ ਵਿੱਚ 2 ਪ੍ਰਤੀਸ਼ਤ ਦੇ ਵਾਧੇ ਦੇ ਬਾਵਜੂਦ, ਬਾਲਣ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ।
ਪੈਟਰੋਲੀਅਮ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ PSU ਤੇਲ ਮਾਰਕੀਟਿੰਗ ਕੰਪਨੀਆਂ ਨੇ ਸੂਚਿਤ ਕੀਤਾ ਹੈ ਕਿ ਐਕਸਾਈਜ਼ ਡਿਊਟੀ ਵਧਾਈ ਜਾਵੇਗੀ, ਪਰ ਇਸਦਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਵੇਲੇ ਰਾਜਧਾਨੀ ਦਿੱਲੀ ਵਿੱਚ ਪੈਟਰੋਲ 94 ਰੁਪਏ ਅਤੇ ਡੀਜ਼ਲ 87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਸਰਕਾਰ ਹੁਣ ਪੈਟਰੋਲ ‘ਤੇ 21.90 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 17.80 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਵਸੂਲੇਗੀ। ਪਹਿਲਾਂ ਇਹ ਦਰ ਪੈਟਰੋਲ ‘ਤੇ 19.90 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 15.80 ਰੁਪਏ ਪ੍ਰਤੀ ਲੀਟਰ ਸੀ।
2014 ਵਿੱਚ, ਪੈਟਰੋਲ ‘ਤੇ ਐਕਸਾਈਜ਼ ਡਿਊਟੀ 9.48 ਰੁਪਏ ਪ੍ਰਤੀ ਲੀਟਰ ਸੀ ਅਤੇ ਡੀਜ਼ਲ ‘ਤੇ 3.56 ਰੁਪਏ ਪ੍ਰਤੀ ਲੀਟਰ ਸੀ। ਇਸ ਤੋਂ ਬਾਅਦ, ਕੇਂਦਰ ਸਰਕਾਰ ਨੇ ਸਮੇਂ-ਸਮੇਂ ‘ਤੇ ਇਸ ਵਿੱਚ ਕਈ ਬਦਲਾਅ ਕੀਤੇ। 2021 ਵਿੱਚ, ਇਹ ਦਰ ਵਧ ਕੇ 27.90 ਰੁਪਏ (ਪੈਟਰੋਲ) ਅਤੇ 21.80 ਰੁਪਏ (ਡੀਜ਼ਲ) ਹੋ ਗਈ ਸੀ। ਹਾਲਾਂਕਿ, ਮਈ 2022 ਵਿੱਚ, ਕੇਂਦਰ ਸਰਕਾਰ ਨੇ 8 ਰੁਪਏ (ਪੈਟਰੋਲ) ਅਤੇ 6 ਰੁਪਏ (ਡੀਜ਼ਲ) ਦੀ ਕੀਮਤ ਘਟਾ ਕੇ ਜਨਤਾ ਨੂੰ ਰਾਹਤ ਦਿੱਤੀ ਸੀ।
ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਮੂਲ ਕੀਮਤ ਲਗਭਗ 32 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ, ਕੇਂਦਰ ਅਤੇ ਰਾਜ ਸਰਕਾਰਾਂ ਐਕਸਾਈਜ਼ ਡਿਊਟੀ, ਵੈਟ ਅਤੇ ਸੈੱਸ ਜੋੜਦੀਆਂ ਹਨ, ਜਿਸ ਨਾਲ ਕੀਮਤਾਂ ਕਈ ਗੁਣਾ ਵੱਧ ਜਾਂਦੀਆਂ ਹਨ।
ਰਾਜ ਸਰਕਾਰਾਂ ਵੀ ਆਪਣੀ ਮਰਜ਼ੀ ਨਾਲ ਪੈਟਰੋਲ ‘ਤੇ ਵੈਟ ਅਤੇ ਸੈੱਸ ਲਗਾਉਂਦੀਆਂ ਹਨ, ਜਿਸ ਕਾਰਨ ਕੀਮਤਾਂ ਤਿੰਨ ਗੁਣਾ ਵੱਧ ਜਾਂਦੀਆਂ ਹਨ। ਇਸ ਵੇਲੇ ਪੈਟਰੋਲ ਦੀ ਕੀਮਤ ਮੁੰਬਈ ਵਿੱਚ 104.21 ਰੁਪਏ, ਚੇਨਈ ਵਿੱਚ 100.75 ਰੁਪਏ ਅਤੇ ਕੋਲਕਾਤਾ ਵਿੱਚ 103.94 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਡੀਜ਼ਲ ਮੁੰਬਈ ਵਿੱਚ 92.15 ਰੁਪਏ, ਕੋਲਕਾਤਾ ਵਿੱਚ 90.76 ਰੁਪਏ ਅਤੇ ਚੇਨਈ ਵਿੱਚ 92.34 ਰੁਪਏ ਪ੍ਰਤੀ ਲੀਟਰ ਹੈ।
