ਪੰਜਾਬ ਚ ਅਸਮਾਨੋਂ ਵਰ੍ਹ ਰਹੀ ਅੱਗ! ਲੂ ਨੇ ਲਈ ਵਿਅਕਤੀ ਦੀ ਜਾਨ; ਪੜ੍ਹੋ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਅੱਜ 46 ਡਿਗਰੀ ਦੇ ਪਾਰ ਪਹੁੰਚ ਗਿਆ ਅਤੇ ਦੁਪਹਿਰ ਦੇ ਸਮੇਂ ਚੱਲੀ ਭਿਆਨਕ ਲੂ ਦੇ ਪ੍ਰਕੋਪ ਨਾਲ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਵੱਲੋਂ 12 ਜੂਨ ਤੱਕ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ ਹੈ, ਜਿਸ ਨਾਲ ਲੂ ਦਾ ਪ੍ਰਕੋਪ ਤੇਜ਼ ਹੁੰਦਾ ਨਜ਼ਰ ਆਵੇਗਾ। ਇਸ ਦੇ ਨਾਲ ਗਰਮੀ ਕਾਰਨ 1 ਵਿਅਕਤੀ ਦੀ ਮੌਤ ਹੋ ਗਈ। ਜੀ. ਆਰ. ਪੀ. ਪੁਲਸ ਸਟੇਸ਼ਨ ਜਲੰਧਰ ਨੇ ਦੱਸਿਆ ਕਿ ਦੁਪਹਿਰ ਵੇਲੇ ਸਾਈਕਲ ਸਟੈਂਡ ਦੇ ਸਾਹਮਣੇ ਪਾਰਕ ਵਿਚੋਂ ਇਕ ਅਣਪਛਾਤੇ ਵਿਅਕਤੀ (60-65 ਸਾਲ) ਦੀ ਲਾਸ਼ ਮਿਲੀ। ਦੱਸਿਆ ਜਾ ਰਿਹਾ ਹੈ ਕਿ ਮੌਤ ਤੇਜ਼ ਗਰਮੀ ਕਾਰਨ ਹੋਈ ਹੈ। ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ।
ਗਰਮੀ ਦਰਮਿਆਨ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ 11 ਜੂਨ ਤੱਕ ਔਰੇਂਜ ਅਲਰਟ ਅਤੇ 12 ਅਤੇ 13 ਜੂਨ ਨੂੰ ਯੈਲੋ ਅਲਰਟ ਐਲਾਨਿਆ ਹੈ। ਇਸ ਦੌਰਾਨ ਗਰਮੀ ਦੀ ਲਹਿਰ ਤੋਂ ਸਾਵਧਾਨ ਰਹਿਣ ਲਈ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। 14 ਅਤੇ 15 ਜੂਨ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ। ਗਰਮੀ ਦੇ ਕਹਿਰ ਕਾਰਨ 24 ਘੰਟਿਆਂ ਦੌਰਾਨ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਰਿਹਾ, ਜੋ ਸਮਰਾਲਾ (ਲੁਧਿਆਣਾ) ਵਿਚ ਦਰਜ ਕੀਤਾ ਗਿਆ। ਸਮਰਾਲਾ ਦਾ ਇਹ ਤਾਪਮਾਨ ਆਮ ਤਾਪਮਾਨ ਨਾਲੋਂ 3.8 ਡਿਗਰੀ ਵੱਧ ਦੱਸਿਆ ਜਾ ਰਿਹਾ ਹੈ ਜਦਕਿ ਇਹ ਪਿਛਲੇ ਦਿਨ ਨਾਲੋਂ 1.2 ਡਿਗਰੀ ਵੱਧ ਹੈ।
ਬਠਿੰਡਾ ਵਿਚ ਵੱਧ ਤੋਂ ਵੱਧ ਤਾਪਮਾਨ 45.6 ਡਿਗਰੀ, ਅੰਮ੍ਰਿਤਸਰ ਵਿਚ 44.9, ਪਟਿਆਲਾ ਵਿਚ 42.9, ਪਠਾਨਕੋਟ ਵਿਚ 43.8 ਅਤੇ ਗੁਰਦਾਸਪੁਰ ਵਿਚ 44.5 ਡਿਗਰੀ ਰਿਹਾ। ਰਾਹਤ ਦੀ ਗੱਲ ਕਰੀਏ ਤਾਂ ਸ਼ਹੀਦ ਭਗਤ ਸਿੰਘ ਨਗਰ ਵਿਚ ਤਾਪਮਾਨ 40.9 ਡਿਗਰੀ ਤੇ ਮੋਹਾਲੀ ਵਿਚ 41.6 ਡਿਗਰੀ ਤਾਪਮਾਨ ਰਿਹਾ ਜੋ ਕਿ ਪੰਜਾਬ ਵਿਚ ਸਭ ਤੋਂ ਘੱਟ ਤਾਪਮਾਨ ਵਾਲੇ ਜ਼ਿਲ੍ਹੇ ਸਨ। ਇਸੇ ਤਰ੍ਹਾਂ ਜਲੰਧਰ ਵਿਚ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ ਸੈਲਸੀਅਸ ਰਿਹਾ।

By Gurpreet Singh

Leave a Reply

Your email address will not be published. Required fields are marked *