ਜਲੰਧਰ, ਗੁਰਪ੍ਰੀਤ ਸਿੰਘ :- ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਫਾਇਰਿੰਗ ਦੀਆਂ ਘਟਨਾਵਾਂ ਵਿਚਾਲੇ ਜਲੰਧਰ ਤੋਂ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਘਟਨਾ ਜਲੰਧਰ ਦੇ ਦਿਹਾਤੀ ਖੇਤਰ ਵਿੱਚ ਵਾਪਰੀ ਹੈ, ਜਿੱਥੇ ਭੋਗਪੁਰ ਦੇ ਨੇੜੇ ਪੈਂਦੇ ਪਿੰਡ ਭਟਨੂਰਾ ਲੁਬਾਣਾ ਵਿੱਚ ਇੱਕ NRI ਪਰਿਵਾਰ ਦੇ ਘਰ ‘ਤੇ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ।
ਪੀੜਤ ਪਰਿਵਾਰ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਤੁਰੰਤ ਪੰਜਾਬ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ। ਖੁਸ਼ਕਿਸਮਤੀ ਨਾਲ ਇਸ ਫਾਇਰਿੰਗ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।
ਇਹ ਪੂਰੀ ਵਾਰਦਾਤ ਘਰ ਦੇ ਬਾਹਰ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। CCTV ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋ ਵਿਅਕਤੀ ਬਾਈਕ ‘ਤੇ ਸਵਾਰ ਹੋ ਕੇ ਘਰ ਦੇ ਨੇੜੇ ਆਉਂਦੇ ਹਨ। ਇਸ ਤੋਂ ਬਾਅਦ ਉਹ ਕੁਝ ਦੂਰੀ ‘ਤੇ ਬਾਈਕ ਖੜੀ ਕਰਕੇ ਟਾਰਚ ਦੀ ਰੌਸ਼ਨੀ ਨਾਲ ਘਰ ਦੀ ਪਛਾਣ ਕਰਦੇ ਹਨ। ਪਹਿਲਾਂ ਇੱਕ ਗੋਲੀ ਚਲਾਈ ਜਾਂਦੀ ਹੈ ਅਤੇ ਕੁਝ ਸਮੇਂ ਬਾਅਦ ਦੁਬਾਰਾ ਫਾਇਰਿੰਗ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਦੋਵੇਂ ਹਮਲਾਵਰ ਆਰਾਮ ਨਾਲ ਬਾਈਕ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ CCTV ਫੁਟੇਜ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਫਾਇਰਿੰਗ ਦੇ ਕਾਰਨਾਂ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
