ਪੰਜਾਬ ‘ਚ ਵੋਟਰ ਸੂਚੀ ਦੀ SIR ਦਾ ਪਹਿਲਾ ਰਾਊਂਡ ਪੂਰਾ, 20.66 ਲੱਖ ਨਾਮ ਡਰਾਫਟ ਲਿਸਟ ਤੋਂ ਬਾਹਰ

ਗੁਰਪ੍ਰੀਤ ਸਿੰਘ :- ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਲਗਭਗ ਪੰਜ ਮਹੀਨੇ ਪਹਿਲਾਂ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਪਹਿਲਾ ਰਾਊਂਡ ਪੂਰਾ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਅੱਜ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਜੂਨ 2026 ਦੀ ਵੋਟਰ ਸੂਚੀ ਵਿੱਚ ਦਰਜ 20.66 ਲੱਖ ਵੋਟਰਾਂ ਦੇ ਨਾਮ ਵੱਖ-ਵੱਖ ਕਾਰਨਾਂ ਕਰਕੇ ਡਰਾਫਟ ਸੂਚੀ ਵਿੱਚ ਸ਼ਾਮਲ ਨਹੀਂ ਹੋਣਗੇ। ਇਨ੍ਹਾਂ ਵਿੱਚ ਕਰੀਬ 9.5 ਲੱਖ ਵੋਟਰ ਅਜਿਹੇ ਹਨ, ਜੋ ਪੱਕੇ ਤੌਰ ’ਤੇ ਪੰਜਾਬ ਤੋਂ ਬਾਹਰ ਚਲੇ ਗਏ ਹਨ। ਇਸ ਤੋਂ ਇਲਾਵਾ ਲਗਭਗ 5.75 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਰੀਬ 1.20 ਲੱਖ ਨਾਮ ਡੁਪਲੀਕੇਟ ਪਾਏ ਗਏ ਹਨ।

ਇਸੇ ਤਰ੍ਹਾਂ ਕਰੀਬ 4.12 ਲੱਖ ਵੋਟਰਾਂ ਦਾ ਪੰਜਾਬ ਵਿੱਚ ਕੋਈ ਪਤਾ ਨਹੀਂ ਲੱਗ ਸਕਿਆ। ਜੇਕਰ ਇਨ੍ਹਾਂ ਵੋਟਰਾਂ ਵਿੱਚੋਂ ਕਿਸੇ ਦਾ ਨਾਮ ਗਲਤੀ ਨਾਲ ਡਰਾਫਟ ਸੂਚੀ ਵਿੱਚੋਂ ਬਾਹਰ ਰਹਿ ਜਾਂਦਾ ਹੈ ਅਤੇ ਉਹ ਆਪਣਾ ਨਾਮ ਫਾਈਨਲ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣਾ ਚਾਹੁੰਦੇ ਹਨ ਤਾਂ ਡਰਾਫਟ ਸੂਚੀ ਜਾਰੀ ਹੋਣ ਤੋਂ ਬਾਅਦ ERO ਜਾਂ BLO ਕੋਲ ਦਾਅਵਾ ਜਾਂ ਇਤਰਾਜ਼ ਦਰਜ ਕਰਵਾਇਆ ਜਾ ਸਕਦਾ ਹੈ।

ਚੋਣ ਪ੍ਰਕਿਰਿਆ ਦੌਰਾਨ ਉਨ੍ਹਾਂ ਵੋਟਰਾਂ ਲਈ ਵੀ ਪ੍ਰਕਿਰਿਆ ਨੂੰ ਸਮਝਣਾ ਮਹੱਤਵਪੂਰਨ ਹੈ, ਜਿਨ੍ਹਾਂ ਦੇ ਨਾਮ ਡਰਾਫਟ ਵੋਟਰ ਸੂਚੀ ਵਿੱਚ ਮੌਜੂਦ ਹਨ ਪਰ ਉਨ੍ਹਾਂ ਦਾ ਰਿਕਾਰਡ ਪਿਛਲੀ SIR ਦੀ ਵੋਟਰ ਸੂਚੀ ਨਾਲ ਮੈਪ ਨਹੀਂ ਹੋਇਆ। ਅਜਿਹੇ ਵੋਟਰਾਂ ਨੂੰ ਵੀ ਆਪਣੇ ਨਾਮ ਅਤੇ ਵੇਰਵਿਆਂ ਦੀ ਜਾਂਚ ਕਰਕੇ ਨਿਰਧਾਰਤ ਪ੍ਰਕਿਰਿਆ ਤਹਿਤ ਲੋੜੀਂਦੇ ਦਸਤਾਵੇਜ਼ਾਂ ਨਾਲ ਦਾਅਵਾ ਜਾਂ ਇਤਰਾਜ਼ ਦਰਜ ਕਰਵਾਉਣਾ ਹੋਵੇਗਾ, ਤਾਂ ਜੋ ਫਾਈਨਲ ਵੋਟਰ ਸੂਚੀ ਵਿੱਚ ਉਨ੍ਹਾਂ ਦਾ ਨਾਮ ਸਹੀ ਢੰਗ ਨਾਲ ਦਰਜ ਰਹੇ।

ਵੋਟਰਾਂ ਲਈ ਅਪੀਲ: 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਹਰ ਵੋਟਰ ਆਪਣਾ ਨਾਮ ਅਤੇ ਵੇਰਵੇ ਜ਼ਰੂਰ ਚੈੱਕ ਕਰੇ। ਨਾਮ ਨਾ ਹੋਣ ਜਾਂ ਰਿਕਾਰਡ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਹੋਣ ਦੀ ਸੂਰਤ ਵਿੱਚ ਸਮੇਂ ਸਿਰ ERO/BLO ਕੋਲ ਦਾਅਵਾ ਜਾਂ ਇਤਰਾਜ਼ ਦਰਜ ਕਰਵਾਇਆ ਜਾ ਸਕਦਾ ਹੈ।

By Gurpreet Singh

Leave a Reply

Your email address will not be published. Required fields are marked *