ਜਲੰਧਰ(ਗੁਰਪ੍ਰੀਤ ਸਿੰਘ)– ਪੰਜਾਬ ‘ਚ ਅਪ੍ਰੈਲ ਮਹੀਨੇ ਹੀ ਮੌਸਮ ਦੇ ਕਈ ਬਦਲਾਅ ਦੇਖਣ ਨੂੰ ਮਿਲੇ ਹਨ। ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਤੋਂ ਬਾਅਦ ਹੁਣ ਇਕ ਦਮ ਗਰਮੀ ਵੱਧ ਗਈ ਹੈ। ਦੱਸ ਦੇਈਏ ਮੌਸਮ ਦਾ ਮਿਜਾਜ਼ ਫਿਰ ਤੋਂ ਬਦਲ ਗਿਆ ਹੈ ਅਤੇ ਹੁਣ ਗਰਮੀ ਦਸਤਕ ਦੇਣ ਵਾਲੀ ਹੈ। ਬੀਤੇ ਕੁਝ ਦਿਨਾਂ ਤੋਂ ਬਾਰਿਸ਼ ਨੇ ਜਿਥੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਉੱਥੇ ਹੀ ਹੁਣ ਕਿਸਾਨਾਂ ਨੂੰ ਧੁੱਪ ਨਿਕਲਣ ਤੋਂ ਬਾਅਦ ਥੋੜੀ ਰਾਹਤ ਮਹਿਸੂਸ ਹੋਈ ਹੈ। ਫਿਲਹਾਲ ਸਵੇਰੇ ਤੇ ਸ਼ਾਮ ਨੂੰ ਅਜੇ ਵੀ ਥੋੜੀ ਬਹੁਤ ਠੰਡ ਮਹਿਸੂਸ ਕੀਤੀ ਜਾ ਰਹੀ ਹੈ।
ਭਾਰਤੀ ਮੌਸਮ ਵਿਭਾਗ ਨੇ ਅੱਜ ਤੋਂ 15 ਤਾਰੀਖ਼ ਤੱਕ ਮੌਸਮ ਲਈ ਚਿਤਾਵਨੀ ਨਹੀਂ ਦਿੱਤੀ ਹੈ। ਵਿਭਾਗ ਮੁਤਾਬਕ ਹੁਣ ਕੋਈ ਬਾਰਿਸ਼ ਅਤੇ ਠੰਡ ਦਾ ਅਲਰਟ ਨਹੀਂ ਕੀਤਾ ਗਿਆ। ਇਸ ਦੌਰਾਨ ਧੁੱਪ ਨਿਕਲਣ ਨਾਲ ਹੌਲੀ-ਹੌਲੀ ਤਾਪਮਾਨ ‘ਚ ਵਾਧਾ ਹੋਵੇਗਾ ਅਤੇ ਗਰਮੀ ਦਸਤਕ ਦੇਵੇਗੀ।
15 ਅਪ੍ਰੈਲ ਤੋਂ ਬਾਅਦ ਪੱਛਮੀ ਗੜਬੜੀ ਹੋਵੇਗੀ ਸਰਗਰਮ
ਇਸ ਦੌਰਾਨ ਮੌਸਮ ਮਾਹਿਰਾਂ ਦੇ ਅਨੁਸਾਰ ਜੰਮੂ ਅਤੇ ਕਸ਼ਮੀਰ ਖੇਤਰ ਵਿੱਚ ਇਸ ਸਮੇਂ ਇੱਕ ਪੱਛਮੀ ਗੜਬੜੀ ਸਰਗਰਮ ਹੈ, ਜਿਸ ਕਾਰਨ ਪਹਾੜੀ ਖੇਤਰਾਂ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਦੌਰਾਨ 15 ਅਪ੍ਰੈਲ ਤੋਂ ਬਾਅਦ ਇੱਕ ਨਵੀਂ ਪੱਛਮੀ ਗੜਬੜੀ ਪੱਛਮੀ ਹਿਮਾਲਿਆਈ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਨਾਲ ਮੌਸਮ ਵਿੱਚ ਇੱਕ ਹੋਰ ਤਬਦੀਲੀ ਆ ਸਕਦੀ ਹੈ ਅਤੇ ਇਸ ਦਾ ਸਿੱਧਾ ਅਸਰ ਪੰਜਾਬ ‘ਚ ਹੋਵੇਗਾ ਅਤੇ ਫਿਰ ਤੋਂ ਠੰਡ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹਲਕੀ ਬਾਰਿਸ਼ ਵੀ ਹੋ ਸਕਦੀ ਹੈ।
