ਆਈਪੀਐਲ 2025 ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੀ ਇਤਿਹਾਸਕ ਜਿੱਤ ਦਾ ਜਸ਼ਨ ਇੱਕ ਦੁਖਦਾਈ ਹਾਦਸੇ ਵਿੱਚ ਬਦਲ ਗਿਆ। ਬੁੱਧਵਾਰ ਰਾਤ ਨੂੰ ਚਿੰਨਾਸਵਾਮੀ ਸਟੇਡੀਅਮ ਵਿੱਚ ਭਾਰੀ ਭੀੜ ਕਾਰਨ ਹੋਈ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਹਜ਼ਾਰਾਂ ਪ੍ਰਸ਼ੰਸਕ ਆਰਸੀਬੀ ਦੀ ਪਹਿਲੀ ਟਰਾਫੀ ਜਿੱਤ ਦਾ ਜਸ਼ਨ ਮਨਾਉਣ ਲਈ ਸਟੇਡੀਅਮ ਦੇ ਬਾਹਰ ਇਕੱਠੇ ਹੋਏ ਸਨ। ਇਸ ਹਾਦਸੇ ਵਿੱਚ ਇੱਕ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਨੂੰ ਗੁਆ ਦਿੱਤਾ।
ਪਿਤਾ ਦਾ ਦਰਦ
ਇਸ ਹਾਦਸੇ ਤੋਂ ਬਾਅਦ ਉਸ ਪਿਤਾ ਦਾ ਦਰਦ ਸਾਹਮਣੇ ਆਇਆ ਹੈ, ਜਿਸਨੇ ਇਸ ਭਗਦੜ ਵਿੱਚ ਆਪਣੇ ਇਕਲੌਤੇ ਪੁੱਤਰ ਨੂੰ ਗੁਆ ਦਿੱਤਾ। ਉਸ ਪਿਤਾ ਨੇ ਰੋਂਦੇ ਹੋਏ ਕਿਹਾ, “ਪੋਸਟਮਾਰਟਮ ਨਾ ਕਰੋ, ਉਸ ਦੇ ਪੁੱਤਰ ਦੀ ਲਾਸ਼ ਮੈਨੂੰ ਦੇ ਦਿਓ, ਇਸ ਦੇ ਟੁਕੜੇ ਨਾ ਕਰੋ…।” ਪਿਤਾ ਨੇ ਕਿਹਾ ਕਿ ਉਸਦਾ ਪੁੱਤਰ ਉਸਨੂੰ ਦੱਸੇ ਬਿਨਾਂ ਪ੍ਰੋਗਰਾਮ ਵਿੱਚ ਆਇਆ ਸੀ ਅਤੇ ਹੁਣ ਉਹ ਉਸਨੂੰ ਦੁਬਾਰਾ ਕਦੇ ਨਹੀਂ ਦੇਖ ਸਕੇਗਾ।
ਕਿਵੇ ਵਾਪਰਿਆ ਹਾਦਸਾ
ਸਟੇਡੀਅਮ ਵਿਚ ਇਕੱਠੀ ਹੋਈ ਭੀੜ ਦਾ ਕੰਟਰੋਲ ਉਸ ਸਮੇਂ ਵਿਗੜ ਗਿਆ, ਜਦੋਂ ਮੁਫ਼ਤ ਟਿਕਟਾਂ ਮਿਲਣ ਦੀ ਅਫਵਾਹ ਫੈਲ ਗਈ। ਇਸ ਦੌਰਾਨ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗ ਪਏ। ਇਸ ਦੌਰਾਨ ਮੱਚੀ ਹਫ਼ੜਾ-ਦਫ਼ੜੀ ਵਿੱਚ ਭਗਦੜ ਮੱਚ ਗਈ, ਜਿਸ ਵਿੱਚ ਬਹੁਤ ਸਾਰੇ ਲੋਕ ਕੁਚਲੇ ਗਏ ਅਤੇ ਕੁਝ ਬੇਹੋਸ਼ ਹੋ ਗਏ। ਸਥਾਨ ਦੇ ਬਾਹਰ ਸਥਿਤੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਈ।
PM ਮੋਦੀ ਨੇ ਹਾਦਸੇ ‘ਤੇ ਪ੍ਰਗਟ ਕੀਤਾ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਮੁੱਖ ਮੰਤਰੀ ਸਿੱਧਰਮਈਆ ਨੇ ਹਾਦਸੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ 15 ਦਿਨਾਂ ਵਿੱਚ ਰਿਪੋਰਟ ਸੌਂਪ ਦਿੱਤੀ ਜਾਵੇਗੀ। ਡਿਪਟੀ ਸੀਐੱਮ ਡੀਕੇ ਸ਼ਿਵਕੁਮਾਰ ਨੇ ਭੀੜ ਨੂੰ ਕਾਬੂ ਨਾ ਕਰ ਸਕਣ ‘ਤੇ ਅਫਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਨੌਜਵਾਨ ਪ੍ਰਸ਼ੰਸਕਾਂ ‘ਤੇ ਤਾਕਤ ਦੀ ਵਰਤੋਂ ਕਰਨਾ ਸਹੀ ਨਹੀਂ ਹੈ। ਜ਼ਖਮੀਆਂ ਨੂੰ ਬੈਂਗਲੁਰੂ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਮੈਡੀਕਲ ਟੀਮਾਂ ਅਤੇ ਪੁਲਸ ਤਾਇਨਾਤ ਹਨ। ਰਾਜ ਸਰਕਾਰ ਨੇ ਕਿਹਾ ਹੈ ਕਿ ਭਵਿੱਖ ਵਿੱਚ ਅਜਿਹੇ ਸਮਾਗਮਾਂ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ।
