ਪੰਜਾਬ ਲੋਕ ਭਵਨ ਵਿਖੇ ‘ਆਰਟੀਫਿਸ਼ਲ ਇੰਟੈਲੀਜੈਂਸ ਅਤੇ ਉਚੇਰੀ ਸਿੱਖਿਆ’ ਵਿਸ਼ੇ ‘ਤੇ ਉਪ-ਕੁਲਪਤੀਆਂ ਦੀ ਕਾਨਫਰੰਸ ਦਾ ਆਯੋਜਨ
ਚੰਡੀਗੜ੍ਹ :- ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਨੂੰ ਸੱਦਾ ਦਿੱਤਾ ਕਿ ਉਹ ਉਚੇਰੀ ਸਿੱਖਿਆ, ਖੋਜ ਅਤੇ ਇਨੋਵੇਸ਼ਨ ਵਿੱਚ ਤਬਦੀਲੀ ਲਿਆਉਣ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰਨ। ਉਨ੍ਹਾਂ ਨੇ ਕਿਹਾ ਕਿ ਇਹ ਟੈਕਨੋਲੋਜੀ ਮਨੁੱਖ-ਕੇਂਦ੍ਰਿਤ, ਨੈਤਿਕ, ਸਮਾਵੇਸ਼ੀ ਅਤੇ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਹੋਣੀ ਚਾਹੀਦੀ ਹੈ।
ਪੰਜਾਬ ਲੋਕ ਭਵਨ ਵਿਖੇ “ਆਰਟੀਫਿਸ਼ਲ ਇੰਟੈਲੀਜੈਂਸ ਅਤੇ ਉਚੇਰੀ ਸਿੱਖਿਆ” ਵਿਸ਼ੇ ‘ਤੇ ਉਪ-ਕੁਲਪਤੀਆਂ ਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਕ੍ਰਾਂਤੀ ਲੋਕਾਂ ਦੇ ਸਿੱਖਣ, ਕੰਮ ਕਰਨ, ਖੋਜ ਕਰਨ ਅਤੇ ਫ਼ੈਸਲੇ ਲੈਣ ਦੇ ਤਰੀਕੇ ਨੂੰ ਬਦਲ ਰਹੀ ਹੈ। ਉਨ੍ਹਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਨੂੰ ਇੱਕ ਅਜਿਹੀ ਪਰਿਵਰਤਨਕਾਰੀ ਸ਼ਕਤੀ ਦੱਸਿਆ ਜੋ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦੀ ਆਰਥਿਕਤਾ ਅਤੇ ਸਮਾਜ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕਰ ਸਕਦੀ ਹੈ। ਕਾਨਫਰੰਸ ਦੌਰਾਨ ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਆਈਏਐੱਸ ਅਧਿਕਾਰੀ ਸ਼੍ਰੀ ਲਲਿਤ ਜੈਨ ਅਤੇ ਯੂ.ਟੀ. ਚੰਡੀਗੜ੍ਹ ਦੇ ਡਾਇਰੈਕਟਰ ਉਚੇਰੀ ਸਿੱਖਿਆ ਸੁਸ਼੍ਰੀ ਪਾਲਿਕਾ ਅਰੋੜਾ ਵੀ ਮੌਜੂਦ ਸਨ।
ਕਾਨਫਰੰਸ ਦੀ ਸ਼ੁਰੂਆਤ ਪ੍ਰੋਫੈਸਰ ਜਸਪਾਲ ਸਿੰਘ ਸੰਧੂ, ਉੱਘੇ ਸਿੱਖਿਆ ਸ਼ਾਸਤਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉਪ-ਕੁਲਪਤੀ, ਵੱਲੋਂ ਮਾਣਯੋਗ ਰਾਜਪਾਲ ਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਦੇਣ ਨਾਲ ਹੋਈ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਸੌਰਭ ਕੁਮਾਰ ਅਰੋੜਾ, ਪੀਸੀਐੱਸ ਵੱਲੋਂ “ਐੱਮਵਾਈ ਭਾਰਤ – ਮੇਰਾ ਯੁਵਾ ਭਾਰਤ” ਬਾਰੇ ਪੇਸ਼ਕਾਰੀ ਦਿੱਤੀ ਗਈ।
ਰਾਜਪਾਲ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਨੂੰ ਸਿਰਫ਼ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਦੇ ਵਿਸ਼ੇ ਵਜੋਂ ਨਹੀਂ ਦੇਖਣਾ ਚਾਹੀਦਾ, ਬਲਕਿ ਦਵਾਈ, ਖੇਤੀਬਾੜੀ, ਕਾਨੂੰਨ, ਵਿੱਤ, ਭਾਸ਼ਾਵਾਂ, ਸਮਾਜਿਕ ਵਿਗਿਆਨ ਅਤੇ ਹੋਰ ਖੇਤਰਾਂ ਵਿੱਚ ਬਹੁ-ਅਨੁਸ਼ਾਸਨੀ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਸਿੱਖਿਆ ਨੂੰ ਹੁਲਾਰਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸੰਸਥਾਵਾਂ ਨੂੰ ਖੇਤੀਬਾੜੀ, ਸਿਹਤ ਸੰਭਾਲ਼, ਪਾਣੀ ਦੀ ਸੰਭਾਲ਼, ਸ਼ਾਸਨ ਅਤੇ ਵਾਤਾਵਰਣ ਸਬੰਧੀ ਬਿਹਤਰੀਨ ਪਿਰਤਾਂ ਬਾਰੇ ਸੈਸ਼ਨਾਂ ਵਿੱਚ ਡਾ. ਸੁਰੇਸ਼ ਕੁਮਾਰ, ਵਾਈਸ-ਚਾਂਸਲਰ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ; ਡਾ. ਪੁਸ਼ਪਿੰਦਰ ਸਿੰਘ ਗਿੱਲ, ਵਾਈਸ-ਚਾਂਸਲਰ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ; ਅਤੇ ਡਾ. ਵਿਨੈ ਗੋਇਲ, ਵਾਈਸ-ਚਾਂਸਲਰ, ਸੀਜੀਸੀ ਯੂਨੀਵਰਸਿਟੀ ਦੁਆਰਾ ਪੇਸ਼ਕਾਰੀਆਂ ਕੀਤੀਆਂ ਗਈਆਂ।
ਕਾਨਫਰੰਸ ਵਿੱਚ ਡਾ. ਹਰਪਾਲ ਥੇਠੀ, ਪ੍ਰੋਫੈਸਰ ਅਤੇ ਐਡੀਸ਼ਨਲ ਡਾਇਰੈਕਟਰ, ਡਿਵੀਜ਼ਨ ਆਵ੍ ਕਰੀਅਰ ਸਰਵਿਸਿਜ਼, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੁਆਰਾ ਯੂਨੀਵਰਸਿਟੀ-ਇੰਡਸਟ੍ਰੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਉਦਯੋਗ ਲਈ ਤਿਆਰ ਗ੍ਰੈਜੂਏਟ ਬਣਾਉਣ ‘ਤੇ ਇੱਕ ਵਿਸ਼ੇਸ਼ ਭਾਸ਼ਣ ਵੀ ਦਿੱਤਾ ਗਿਆ।
ਰਾਜਪਾਲ ਕਟਾਰੀਆ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਪ੍ਰਯੋਗਸ਼ਾਲਾਵਾਂ, ਬ੍ਰਿਜ ਕੋਰਸ, ਪ੍ਰਮਾਣੀਕਰਣ ਪ੍ਰੋਗਰਾਮਾਂ, ਰੀਸਕਿੱਲਿੰਗ ਅਤੇ ਪ੍ਰੈਕਟੀਕਲ ਲਰਨਿੰਗ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ-2020, ਇੰਡੀਆ ਏਆਈ ਮਿਸ਼ਨ, ਭਾਰਤਜੇਨ, ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਅਤੇ ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਨੂੰ ਭਾਰਤ ਦੀ ਖੋਜ ਅਤੇ ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਪਹਿਲਾਂ ਵਜੋਂ ਵੀ ਉਜਾਗਰ ਕੀਤਾ।
ਜ਼ਿੰਮੇਦਾਰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ‘ਤੇ ਜ਼ੋਰ ਦਿੰਦੇ ਹੋਏ, ਰਾਜਪਾਲ ਨੇ ਡੇਟਾ ਗੋਪਨੀਅਤਾ, ਸਾਇਬਰ ਸੁਰੱਖਿਆ, ਡੀਪ ਫੇਕ, ਗਲਤ ਜਾਣਕਾਰੀ, ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਸਬੰਧਿਤ ਚਿੰਤਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਾ ਸਿਰਫ਼ ਇਹ ਸਿੱਖਣਾ ਚਾਹੀਦਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਕੀ ਕਰ ਸਕਦਾ ਹੈ, ਬਲਕਿ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਕੀ ਕਰ ਸਕਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।
ਯੂਨੀਵਰਸਿਟੀਆਂ ਨੂੰ ਗਿਆਨ, ਇਨੋਵੇਸ਼ਨ ਅਤੇ ਰਾਸ਼ਟਰ ਨਿਰਮਾਣ ਦੇ ਕੇਂਦਰ ਬਣਨ ਦਾ ਸੱਦਾ ਦਿੰਦੇ ਹੋਏ, ਸ਼੍ਰੀ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨ ਅਤੇ 2047 ਤੱਕ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਹੋਵੇਗਾ।
