ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿੱਚ ਪੰਜਾਬੀ ਸਿੰਗਰ ਤੇਜੀ ਕਹਲੋਂ ‘ਤੇ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਈ ਹੈ। ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚਾ ਤੇਜ਼ ਹੋ ਗਈ ਹੈ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਨੇਡਾ ਵਿੱਚ ਪੰਜਾਬੀ ਆਰਟਿਸਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਤੇ ਵੀ ਗੋਲੀਬਾਰੀ ਹੋਈ ਸੀ।
ਰਿਪੋਰਟਾਂ ਮੁਤਾਬਕ ਮਹਿੰਦਰ ਸਰਣ ਨਾਂ ਦੇ ਗੈਂਗਸਟਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਤੇਜੀ ਕਹਲੋਂ ‘ਤੇ ਹਮਲਾ ਉਨ੍ਹਾਂ ਦੇ ਗੈਂਗ ਨੇ ਕਰਵਾਇਆ ਹੈ। ਪੋਸਟ ਵਿੱਚ ਕਿਹਾ ਗਿਆ ਕਿ ਤੇਜੀ ਕਹਲੋਂ ਨੂੰ ਪੇਟ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਇਹ ਸਿਰਫ਼ ਇੱਕ ਚੇਤਾਵਨੀ ਸੀ। ਜੇਕਰ ਉਹ ਅਜੇ ਵੀ ਨਹੀਂ ਸਮਝਦਾ, ਤਾਂ ਅਸੀਂ ਉਸਨੂੰ ਖਤਮ ਕਰ ਦੇਵਾਂਗੇ। ਗੈਂਗ ਦਾ ਦੋਸ਼ ਹੈ ਕਿ ਕਹਲੋਂ ਉਨ੍ਹਾਂ ਦੇ ਦੁਸ਼ਮਨਾਂ ਨੂੰ ਹਥਿਆਰ ਅਤੇ ਵਿੱਤੀ ਮਦਦ ਦਿੰਦਾ ਸੀ, ਇਸ ਕਰਕੇ ਉਸ ‘ਤੇ ਹਮਲਾ ਕੀਤਾ ਗਿਆ।
ਗੈਂਗਸਟਰ ਨੇ ਪੋਸਟ ਵਿੱਚ ਹੋਰ ਧਮਕੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇ ਕਿਸੇ ਨੇ ਵੀ ਤੇਜੀ ਕਹਲੋਂ ਦਾ ਸਾਥ ਦਿੱਤਾ ਜਾਂ ਗੋਦਾਰਾ ਗੈਂਗ ਦੇ ਖ਼ਿਲਾਫ਼ ਗਏ, ਤਾਂ ਉਸਦਾ ਪਰਿਵਾਰ ਵੀ ਨਹੀਂ ਬਖ਼ਸ਼ਿਆ ਜਾਵੇਗਾ। ਉਸ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ, ਅੱਗੇ ਹੋਰ ਵੱਡੇ ਹਮਲੇ ਹੋਣਗੇ। ਪੋਸਟ ਵਿੱਚ ਉਸ ਨੇ ਆਪਣੇ ਸਾਥੀਆਂ ਰਾਹੁਲ ਰਿਨਾਉ ਅਤੇ ਵਿਕੀ ਫਲਵਾਨ ਦੇ ਨਾਮ ਵੀ ਲਿਖੇ ਹਨ, ਜੋ ਗੋਦਾਰਾ ਗੈਂਗ ਨਾਲ ਜੁੜੇ ਹੋਏ ਹਨ।
ਇਸ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਸੁਰੱਖਿਆ ਏਜੰਸੀਆਂ ਫਿਰ ਚੌਕਸੀ ‘ਤੇ ਹਨ। ਹਾਲ ਹੀ ਵਿੱਚ ਕਈ ਸੈਲੀਬ੍ਰਿਟੀਆਂ ਜਿਵੇਂ ਕਪਿਲ ਸ਼ਰਮਾ ਅਤੇ ਯੂਟਿਊਬਰ ਐਲਵਿਸ਼ ਯਾਦਵ ਦੇ ਘਰਾਂ ‘ਤੇ ਵੀ ਫਾਇਰਿੰਗ ਦੇ ਮਾਮਲੇ ਸਾਹਮਣੇ ਆਏ ਹਨ। ਫਿਲਹਾਲ ਤੇਜੀ ਕਹਲੋਂ ਦੀ ਸਿਹਤ ਬਾਰੇ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ।
