ਅਤਿਵਾਦ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਮਿਲੀ ਗੁਆਨਾ ਦੀ ਅਟੁੱਟ ਹਮਾਇਤ, ਸ਼ਸ਼ੀ ਥਰੂਰ ਅੱਜ ਪਨਾਮਾ ਲਈ ਰਵਾਨਾ

ਨੈਸ਼ਨਲ ਟਾਈਮਜ਼ ਬਿਊਰੋ :- ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਹੇਠ ਸਰਬ ਪਾਰਟੀ ਵਫ਼ਦ ਨਾਲ ਮੁਲਾਕਾਤ ਦੌਰਾਨ ਗੁਆਨਾ ਦੇ ਉਪ ਰਾਸ਼ਟਰਪਤੀ ਭਰਤ ਜਗਦੇਵ ਤੇ ਪ੍ਰਧਾਨ ਮੰਤਰੀ ਮਾਰਕ ਫਿਲਿਪਸ ਨੇ ਅਤਿਵਾਦ ਖ਼ਿਲਾਫ਼ ਭਾਰਤ ਦੀ ਲੜਾਈ ’ਚ ਆਪਣੇ ਦੇਸ਼ ਵੱਲੋਂ ਅਟੁੱਟ ਹਮਾਇਤ ਦੁਹਰਾਈ। ਭਾਰਤੀ ਵਫ਼ਦ ਬੀਤੇ ਦਿਨ ਇੱਥੇ ਪੁੱਜਿਆ ਸੀ। ਜੌਰਜਟਾਊਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਐੱਕਸ ’ਤੇ ਇੱਕ ਪੋਸਟ ’ਚ ਕਿਹਾ ਕਿ ਵਫ਼ਦ ਨੇ ਗੁਆਨਾ ਦੇ ਉਪ ਰਾਸ਼ਟਰਪਤੀ ਡਾ. ਭਰਤ ਜਗਦੇਵ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਪਹਿਲਗਾਮ, ਅਪਰੇਸ਼ਨ ਸਿੰਧੂਰ ਤੇ ਸਿੰਧ ਜਲ ਸੰਧੀ ਨੂੰ ਲੈ ਕੇ ਭਾਰਤ ਦੀ ਸਥਿਤੀ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਭਾਰਤ ਦੀ ਨੀਤੀ ਨੂੰ ਉਭਾਰਿਆ। ਇਸ ਨੇ ਕਿਹਾ, ‘ਮਾਣਯੋਗ ਉਪ ਰਾਸ਼ਟਰਪਤੀ ਨੇ ਅਤਿਵਾਦ ਖ਼ਿਲਾਫ਼ ਭਾਰਤ ਦੀ ਲੜਾਈ ’ਚ ਗੁਆਨਾ ਦੀ ਅਟੁੱਟ ਹਮਾਇਤ ਦੁਹਰਾਈ।’ ਥਰੂਰ ਨੇ ਐਕਸ ’ਤੇ ਕਿਹਾ ਕਿ ਵਫ਼ਦ ਨੇ ਰਾਸ਼ਟਰਪਤੀ ਭਵਨ ’ਚ ਜਗਦੇਵ ਨਾਲ ਮੁਲਾਕਾਤ ਕੀਤੀ ਜੋ ਬਿਹਤਰੀਨ ਰਹੀ। ਸੰਸਦ ਮੈਂਬਰ ਨੇ ਕਿਹਾ, ‘ਉਨ੍ਹਾਂ (ਜਗਦੇਵ ਨੇ) ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਭਾਰਤ ਦੀਆਂ ਫਿਕਰਾਂ ਨੂੰ ਲੈ ਕੇ ਸਮਝ ਤੇ ਡੂੰਘੀ ਹਮਦਰਦੀ ਜ਼ਾਹਿਰ ਕੀਤੀ। ਇਸ ਤੋਂ ਇਲਾਵਾ ਸਾਡੀ ਗੱਲਬਾਤ ’ਚ ਤੇਲ ਤੇ ਗੈਸ ਦੀ ਖੋਜ ਤੋਂ ਬਾਅਦ ਗੁਆਨਾ ਦੀਆਂ ਵਿਕਾਸ ਯੋਜਨਾਵਾਂ ਤੇ ਉਸ ਦੇ ਰਿਕਾਰਡ ਤੋੜ 30 ਫੀਸਦ ਸਾਲਾਨਾ ਆਰਥਿਕ ਵਿਕਾਸ ਨਾਲ ਸਬੰਧਤ ਕਈ ਵਿਸ਼ਿਆਂ ’ਤੇ ਚਰਚਾ ਹੋਈ।’ ਪ੍ਰਧਾਨ ਮੰਤਰੀ ਫਿਲਿਪਸ ਨੇ ਗੁਆਨਾ ਦੇ 59ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਮੌਕੇ ਬਰਬਿਸ ’ਚ ਭਾਰਤੀ ਪਾਰਟੀ ਵਫ਼ਦ ਦੀ ਮੇਜ਼ਬਾਨੀ ਕੀਤੀ। -ਪੀਟੀਆਈ

ਥਰੂਰ ਦੀ ਅਗਵਾਈ ਹੇਠਲਾ ਵਫ਼ਦ ਅੱਜ ਜਾਵੇਗਾ ਪਨਾਮਾ

ਪਨਾਮਾ ਸਿਟੀ: ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਹੇਠਲਾ ਸਰਬ ਪਾਰਟੀ ਵਫ਼ਦ ਅਤਿਵਾਦ ਪ੍ਰਤੀ ਭਾਰਤ ਦੀ ਨੀਤੀ ਬਾਰੇ ਜਾਣਕਾਰੀ ਦੇਣ ਲਈ 27 ਮਈ ਨੂੰ ਪਨਾਮਾ ਦੀ ਯਾਤਰਾ ਕਰੇਗਾ। ਪਨਾਮਾ, ਨਿਕਾਰਾਗੁਆ ਤੇ ਕੋਸਟਾ ਰੀਕਾ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਰਾਹੀਂ ਦੱਸਿਆ ਕਿ ਤਿੰਨ ਰੋਜ਼ਾ ਯਾਤਰਾ ਦੌਰਾਨ ਵਫ਼ਦ ਪਨਾਮਾ ਦੀ ਲੀਡਰਸ਼ਿਪ ਤੇ ਮੀਡੀਆ, ਰਣਨੀਤਕ ਭਾਈਚਾਰੇ, ਪਰਵਾਸੀ ਭਾਰਤੀ ਭਾਈਚਾਰੇ ਤੇ ਪਨਾਮਾ ’ਚ ਭਾਰਤ ਦੇ ਮਿੱਤਰਾਂ ਨਾਲ ਗੱਲਬਾਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਯਾਤਰਾ ਭਾਰਤ ਦੀ ਏਕਤਾ ਤੇ ਭਾਈਚਾਰੇ ਦਾ ਮਜ਼ਬੂਤ ਸੰਦੇਸ਼ ਦੇਣ ਦੇ ਨਾਲ ਨਾਲ ਅਤਿਵਾਦ ਖ਼ਿਲਾਫ਼ ਲੜਨ ਦੇ ਉਸ ਦੇ ਸਮੂਹਿਕ ਅਹਿਦ ਨੂੰ ਵੀ ਉਭਾਰੇਗੀ।

By Rajeev Sharma

Leave a Reply

Your email address will not be published. Required fields are marked *