ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ‘ਚ ਗਰਮੀ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਮੁਤਾਬਿਕ, ਅੱਜ ਤਾਪਮਾਨ ‘ਚ ਹਲਕੀ ਗਿਰਾਵਟ ਦਰਜ ਕੀਤੀ ਗਈ, ਪਰ ਰਾਜ ਦਾ ਔਸਤ ਤਾਪਮਾਨ ਹਜੇ ਵੀ ਆਮ ਨਾਲੋਂ 2.8 ਡਿਗਰੀ ਜ਼ਿਆਦਾ ਹੈ। ਬਠਿੰਡਾ ‘ਚ ਰਾਜ ਦਾ ਸਭ ਤੋਂ ਵੱਧ 33.2 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ।ਪੰਜਾਬ ਦੇ 6 ਵੱਡੇ ਜ਼ਿਲ੍ਹਿਆਂ ‘ਚ ਤਾਪਮਾਨ 30 ਡਿਗਰੀ ਨੂੰ ਪਾਰ ਕਰ ਚੁੱਕਾ ਹੈ। ਮੀਂਹ ਨਾ ਪੈਣ ਕਾਰਨ ਗਰਮੀ ਲਗਾਤਾਰ ਵਧ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਤਾਪਮਾਨ 4 ਡਿਗਰੀ ਤੱਕ ਵਧ ਸਕਦਾ ਹੈ, ਜਿਸ ਕਰਕੇ ਲੋਕਾਂ ਨੂੰ ਹੋਰ ਵੀ ਗਰਮੀ ਸਹਿਣੀ ਪੈ ਸਕਦੀ ਹੈ।ਮੌਜੂਦਾ ਹਾਲਾਤਾਂ ਅਨੁਸਾਰ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਮੋਹਾਲੀ ਤੇ ਪਠਾਨਕੋਟ ਸਮੇਤ ਬਹੁਤ ਸਾਰੇ ਸ਼ਹਿਰਾਂ ‘ਚ ਅਸਮਾਨ ਸਾਫ਼ ਰਹੇਗਾ ਅਤੇ ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਕਿਸੇ ਵੀ ਹਿੱਸੇ ‘ਚ ਮੀਂਹ ਨਹੀਂ ਹੋਇਆ।
ਮੌਸਮ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਐਤਿਆਤ ਵਧਾਉਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਮੁਤਾਬਕ, ਹਾਲਾਤ ਇਹ ਦਰਸਾ ਰਹੇ ਹਨ ਕਿ ਮੀਂਹ ਦੀ ਕੋਈ ਸੰਭਾਵਨਾ ਨਹੀਂ, ਇਸ ਕਰਕੇ ਲੋਕਾਂ ਨੂੰ ਤਾਪਮਾਨ ਵਿੱਚ ਹੋਣ ਵਾਲੀ ਵਾਧੂ ਗਰਮੀ ਦਾ ਸਾਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ।
