ਬਟਾਲਾ ਰੋਡ ‘ਤੇ ਗੁੰਡਾਗਰਦੀ, 15–20 ਹਥਿਆਰਬੰਦ ਨੌਜਵਾਨਾਂ ਨੇ ਕਾਰ ਵਾਸ਼ਿੰਗ ਮਾਲਕ ‘ਤੇ ਕੀਤਾ ਹਮਲਾ, ਗਹਿਣੇ ਤੇ ਨਕਦੀ ਲੁੱਟਣ ਦੇ ਦੋਸ਼

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਕਾਰ ਵਾਸ਼ਿੰਗ ਚਲਾਉਣ ਵਾਲੇ ਨੌਜਵਾਨ ਅਮਨਵੀਰ ਸਿੰਘ ਨਾਲ ਸ਼ਾਮ ਸਾਢੇ ਛੇ ਵਜੇ ਇੱਕ ਗੰਭੀਰ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਦੇ ਮੁਤਾਬਿਕ, ਰਸਤੇ ਨੂੰ ਲੈ ਕੇ ਹੋਈ ਤਕਰਾਰ ਨੇ ਥੋੜ੍ਹੇ ਸਮੇਂ ਵਿੱਚ ਹੀ ਭਿਆਨਕ ਰੂਪ ਧਾਰ ਲਿਆ, ਜਦੋਂ ਇੱਕ ਨੌਜਵਾਨ ਆਪਣੇ 15–20 ਹਥਿਆਰਬੰਦ ਸਾਥੀਆਂ ਨਾਲ ਮੌਕੇ ‘ਤੇ ਪਹੁੰਚ ਕੇ ਮਾਰਪੀਟ ਕਰਨ ਲੱਗ ਪਿਆ।

ਅਮਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਪਹਿਲਾਂ ਕੋਈ ਰੰਜਿਸ਼ ਨਹੀਂ ਸੀ, ਪਰ ਹਮਲਾਵਰ ਉਸਦੇ ਵਪਾਰ ਤੋਂ ਜਲਣ ਰੱਖਦਾ ਸੀ। ਉਸਦਾ ਦਾਅਵਾ ਹੈ ਕਿ ਹਮਲੇ ਦੌਰਾਨ ਉਸ ਦੀ ਚੈਨ, ਮੁੰਦਰੀ ਅਤੇ 40–50 ਹਜ਼ਾਰ ਰੁਪਏ ਨਕਦੀ ਲੁੱਟ ਲਈ ਗਈ। ਉਸਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਨੇ ਉਸਦੇ ਵਪਾਰ ਦੇ ਵੇਪਨ ਦੀਆਂ ਫੋਟੋਆਂ ਵੀ ਜਬਰਨ ਲੈ ਲਈਆਂ।ਪੀੜਤ ਦਾ ਕਹਿਣਾ ਹੈ ਕਿ ਹਮਲੇ ਦੀ ਪੂਰੀ ਵੀਡੀਓ ਰਿਕਾਰਡਿੰਗ ਉਨ੍ਹਾਂ ਕੋਲ ਮੌਜੂਦ ਹੈ, ਪਰ ਨਿਰਾਸ਼ਜਨਕ ਗੱਲ ਇਹ ਸੀ ਕਿ ਪੁਲਿਸ ਦੋ ਘੰਟਿਆਂ ਦੀ ਦੇਰੀ ਨਾਲ ਮੌਕੇ ‘ਤੇ ਪਹੁੰਚੀ। ਉਸਦਾ ਇਲਜ਼ਾਮ ਹੈ ਕਿ ਹਮਲਾਵਰਾਂ ਨੇ ਪੁਲਿਸ ਦੇ ਸਾਹਮਣੇ ਵੀ ਦਬਦਬਾ ਦਿਖਾਉਣ ਦੀ ਕੋਸ਼ਿਸ਼ ਕੀਤੀ।ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਤੁਰੰਤ ਸੁਰੱਖਿਆ ਅਤੇ ਨਿਆਂ ਦੀ ਮੰਗ ਕੀਤੀ ਹੈ। ਅਮਨਵੀਰ ਨੇ ਕਿਹਾ “ਸਾਡੀ ਕਿਸੇ ਨਾਲ ਰੰਜਿਸ਼ ਨਹੀਂ, ਸਿਰਫ਼ ਕੰਮ ਵੇਖ ਕੇ ਉਹ ਸੜਦਾ ਸੀ। ਅਸੀਂ ਪਰਿਵਾਰ ਵਾਲੇ ਬੰਦੇ ਹਾਂ, ਸਾਡੀ ਜਾਨ–ਮਾਲ ਦੀ ਰੱਖਿਆ ਕੀਤੀ ਜਾਵੇ।”ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਘਟਨਾ ਦੋ ਧਿਰਾਂ ਵਿਚਾਲੇ ਝਗੜੇ ਦੀ ਲੱਗਦੀ ਹੈ ਅਤੇ ਦੋਹਾਂ ਪੱਖਾਂ ਵੱਲੋਂ ਪੁਲਿਸ ਨੂੰ ਦਰਖ਼ਾਸਤਾਂ ਮਿਲੀਆਂ ਹਨ।ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਪੀੜਤ ਪਾਸੇ ਵੱਲੋਂ ਹਮਲਾਵਰਾਂ ‘ਤੇ ਪਿਸਤੌਲ ਦਿਖਾਉਣ ਦਾ ਦੋਸ਼ ਲਾਇਆ ਗਿਆ ਹੈ। ਇਸਦੀ ਤਸਦੀਕ ਲਈ ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕਰਨ ਸ਼ੁਰੂ ਕਰ ਦਿੱਤੇ ਹਨ।

By Gurpreet Singh

Leave a Reply

Your email address will not be published. Required fields are marked *