ਮੱਧ ਪ੍ਰਦੇਸ਼ ‘ਚ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਸਕਾਰਪੀਓ ਨੇ ਆਟੋ ਨੂੰ ਮਾਰੀ ਟੱਕਰ, 5 ਸ਼ਰਧਾਲੂਆਂ ਦੀ ਮੌਤ

ਨੈਸ਼ਨਲ ਟਾਈਮਜ਼ ਬਿਉਰੋ :- ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਥਾਟੀਪੁਰ ਸਥਿਤ ਜੈਨ ਮੰਦਰ ਦੇ ਕੋਲ ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਇੱਕ ਬੱਚੇ ਸਮੇਤ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਟਰਾਮਾ ਸੈਂਟਰ ਵਿੱਚ ਚੱਲ ਰਿਹਾ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ। 

ਮੰਦਰ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ ਸ਼ਰਧਾਲੂ
ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਬੁੱਧਵਾਰ ਦੇਰ ਰਾਤ ਕਰੀਬ 3 ਵਜੇ ਵਾਪਰਿਆ ਹੈ। ਆਟੋ ਵਿੱਚ ਸਵਾਰ ਸਾਰੇ ਲੋਕ ਸ਼ਰਧਾਲੂ ਸਨ, ਜੋ ਮੰਦਰ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਜਿਵੇਂ ਹੀ ਆਟੋ ਪਰਸ਼ੂਰਾਮ ਚੌਕ ਨੇੜੇ ਪਹੁੰਚਿਆ, ਤਾਂ ਬੇਕਾਬੂ ਹੋਈ ਸਕਾਰਪੀਓ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸੀ.ਐੱਸ.ਪੀ (CSP) ਅਤੁਲ ਕੁਮਾਰ ਸੋਨੀ ਨੇ ਘਟਨਾ ਬਾਰੇ ਦੱਸਿਆ ਕਿ ਸਕਾਰਪੀਓ ਡਰਾਈਵਰ ਨੇ ਪਹਿਲਾਂ ਬੱਸ ਸਟੈਂਡ ਕੋਲ ਇੱਕ ਹੋਰ ਵਾਹਨ ਨੂੰ ਟੱਕਰ ਮਾਰੀ ਸੀ।

ਇਸ ਟੱਕਰ ਤੋਂ ਬਾਅਦ ਉਹ ਗੱਡੀ ਤੋਂ ਕੰਟਰੋਲ ਗੁਆ ਬੈਠਾ ਅਤੇ ਜੈਨ ਮੰਦਰ ਕੋਲ ਆਟੋ ਨਾਲ ਟਕਰਾਅ ਗਿਆ। ਇਸ ਦੌਰਾਨ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਸਕਾਰਪੀਓ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਇਸ ਭਿਆਨਕ ਟੱਕਰ ਵਿੱਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਇੱਕ ਨੇ ਹਸਪਤਾਲ ਜਾ ਕੇ ਦਮ ਤੋੜਿਆ। ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਇੰਦਰਜੀਤ ਸ਼ਾਕਿਆ (55), ਲੀਲਾ (52), ਸ਼ੁਭਮ (30), ਪ੍ਰੀਤੀ ਕਸ਼ਯਪ (60) ਅਤੇ ਸ਼ਗੁਨ ਵਜੋਂ ਹੋਈ ਹੈ, ਜਦਕਿ ਜ਼ਖਮੀਆਂ ਦੀ ਪਛਾਣ ਪ੍ਰੀਤੀ (20), ਪ੍ਰਿਆਂਸ਼ (5), ਆਰਵ (6) ਵਜੋਂ ਹੋਈ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *