ਨੈਸ਼ਨਲ ਟਾਈਮਜ਼ ਬਿਊਰੋ :- ਜਲੰਧਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੰਘ ਸਭਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਲਗੀਧਰ ਪਿਤਾ, ਸਰਬੰਸਦਾਨੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ ਯਾਨੀ 2 ਜਨਵਰੀ ਨੂੰ ਸਜਾਇਆ ਜਾ ਰਿਹਾ ਸੀ, ਜਿਸ ਸਬੰਧੀ ਸਾਰੇ ਮੁਕੰਮਲ ਕਰ ਲਏ ਗਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ 21 ਪੁਆਇੰਟਾਂ ਤੋਂ ਰੂਟ ਡਾਇਵਰਟ ਕੀਤੇ ਹਨ। ਸ਼ੁੱਕਰਵਾਰ ਸਵੇਰੇ 9 ਤੋਂ ਲੈ ਕੇ ਰਾਤ 10 ਵਜੇ ਤਕ ਉਕਤ ਪੁਆਇੰਟਾਂ ਤੋਂ ਕਿਸੇ ਤਰ੍ਹਾਂ ਦਾ ਟ੍ਰੈਫਿਕ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਕਿ ਨਗਰ ਕੀਰਤਨ ਦੇ ਰੂਟ ਵਿਚ ਕੋਈ ਰੁਕਾਵਟ ਨਾ ਪਵੇ।
ਇਨ੍ਹਾਂ ਥਾਵਾਂ ‘ਤੇ ਜਾਵੇਗਾ ਨਗਰ ਕੀਰਤਨ
ਉਕਤ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਰਹੇਜਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਨਗਰ ਕੀਰਤਨ ਸ਼ੁੱਕਰਵਾਰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਜੈਕਾਰਿਆਂ ਤੇ ਨਗਾਰਿਆਂ ਦੀ ਗੂੰਜ ’ਚ ਆਰੰਭ ਹੋਵੇਗਾ। ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਦੱਸਿਆ ਕਿ ਉਕਤ ਨਗਰ ਕੀਰਤਨ ਇਸ ਤੋਂ ਬਾਅਦ ਐੱਸ. ਡੀ. ਕਾਲਜ, ਰੇਲਵੇ ਰੋਡ, ਭਾਰਤ ਸੋਡਾ ਵਾਟਰ, ਮੰਡੀ ਫੈਂਟਨਗੰਜ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗਰਾਂ ਗੇਟ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਜੇਲ੍ਹ ਚੌਕ, ਬਸਤੀ ਅੱਡਾ, ਭਗਵਾਨ ਵਾਲਮੀਕਿ ਚੌਕ, ਰੈਣਕ ਬਜ਼ਾਰ, ਸੈਦਾਂ ਗੇਟ ਤੇ ਮਿਲਾਪ ਚੌਕ ਤੋਂ ਹੁੰਦਾ ਹੋਇਆ ਰਾਤ ਸਮੇਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖ਼ੇ ਸਮਾਪਤ ਹੋਵੇਗਾ।
