ਪੰਜਾਬ ‘ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡਾ ਘਪਲਾ! ਪਾਵਰਕਾਮ ਨੇ ਕਰ ‘ਤੀ ਸਖ਼ਤ ਕਾਰਵਾਈ, ਰੀਡਰਾਂ ਦੀ…

ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੈਂਟਰਲ ਜ਼ੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਵਲੋਂ ਮੀਟਰਾਂ ਦੀ ਰੀਡਿੰਗ ਕਰਨ ਦੌਰਾਨ ਸਰਕਾਰੀ ਸਾਫਟਵੇਅਰ ਨਾਲ ਛੇੜਛਾੜ ਕਰਨ ਵਾਲੇ 40 ਦੇ ਕਰੀਬ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਂਦੇ ਹੋਏ ਮੀਟਰ ਰੀਡਰਾਂ ਦੀ ਆਈ. ਡੀ. ਨੂੰ ਬਲਾਕ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਕਈ ਮੀਟਰ ਰੀਡਰ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਿਆਸੀ ਨੇਤਾਵਾਂ ਦੀਆਂ ਸਿਫਾਰਸ਼ਾਂ ਲਗਾ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦਾ ਜੁਗਾੜ ਕਰਨ ਵਿਚ ਜੁੱਟ ਗਏ ਹਨ। ਚੀਫ ਇੰਜੀਨੀਅਰ ਸ. ਹਾਂਸ ਵਲੋਂ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਸਾਰੀਆਂ ਡਵੀਜ਼ਨਾਂ ਸੁੰਦਰ ਨਗਰ, ਸੀ. ਐੱਮ. ਸੀ., ਸਿਟੀ ਸੈਂਟਰ, ਫੋਕਲ ਪੁਆਇੰਟ, ਅਗਰ ਨਗਰ, ਸਟੇਟ ਡਵੀਜ਼ਨ, ਮਾਡਲ ਟਾਊਨ, ਜਨਤਾ ਨਗਰ, ਸਿਟੀ ਵੈਸਟ ਸਮੇਤ ਖੰਨਾ, ਦੋਰਾਹਾ, ਸਰਹਿੰਦ, ਅਮਲੋਹ, ਮੰਡੀ ਅਹਿਮਦਗੜ੍ਹ ਲਲਤੋਂ, ਜਗਰਾਓਂ, ਰਾਏਕੋਟ, ਮੁੱਲਾਂਪੁਰ ਦਾਖਾ ਆਦਿ ਇਲਾਕਿਆਂ ਦੇ ਐਕਸੀਅਨ ਸਾਹਿਬਾਨਾਂ ਨੂੰ ਮੀਟਰ ਰੀਡਰਾਂ ਦੀ ਸਰਕਾਰੀ ਆਈ. ਡੀ. ਨੂੰ ਬੰਦ ਕਰ ਕੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ, ਤਾਂ ਕਿ ਪਾਵਰਕਾਮ ਵਿਭਾਗ ਦੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਰ ਮੁਲਾਜ਼ਮ ਦੇ ਖ਼ਿਲਾਫ਼ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰ ਕੇ ਬਿਜਲੀ ਨਿਗਮ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।

ਅਸਲ ਵਿਚ ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਖ਼ਪਤਕਾਰਾਂ ਦੇ ਘਰਾਂ ’ਚ ਲੱਗੇ ਬਿਜਲੀ ਮੀਟਰਾਂ ਨੂੰ ਰੀਡਿੰਗ ਦੌਰਾਨ ਮੁਲਾਜ਼ਮਾਂ ਵਲੋਂ ਫਰਜ਼ੀਵਾੜੇ ਦੇ ਤਹਿਤ ਵੱਡੇ ਪੱਧਰ ’ਤੇ ਸਾੜੇ ਗਏ ਬਿਜਲੀ ਯੂਨਿਟ ਨਾਲ ਛੇੜਛਾੜ ਕਰਦੇ ਹੋਏ ਖ਼ਪਤਕਾਰਾਂ ਤੋਂ ਨਾਜਾਇਜ਼ ਵਸੂਲੀ ਕਰਕੇ ਜ਼ੀਰੋ ਰਾਸ਼ੀ ਦੇ ਬਿੱਲ ਜਾਰੀ ਕੀਤੇ ਗਏ ਹਨ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਬਿਜਲੀ ਮੀਟਰ ਵੱਲੋਂ ਕੀਤੇ ਗਏ ਘਪਲੇ ਦਾ ਪਰਦਾਫਾਸ਼ ਸਭ ਤੋਂ ਪਹਿਲਾਂ ‘ਜਗ ਬਾਣੀ’ ਵਲੋਂ ਕੀਤਾ ਗਿਆ ਹੈ। ਖ਼ਬਰ ਛਪਣ ਤੋਂ ਤੁਰੰਤ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵਿਭਾਗ ਵਿਚ ਹਫੜਾ-ਦਫੜੀ ਮਚ ਗਈ ਅਤੇ ਇਸ ਹਫੜਾ-ਦਫੜੀ ’ਚ ਵਿਭਾਗੀ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਗਏ ਅਤੇ ਵਿਭਾਗੀ ਜਾਂਚ ਦੌਰਾਨ ਬਿਜਲੀ ਮੀਟਰ ਰੀਡਰਾਂ ਵਲੋਂ ਖ਼ਪਤਕਾਰਾਂ ਦੇ ਨਾਲ ਸੈਟਿੰਗ ਕਰ ਕੇ ਸਰਕਾਰੀ ਖਜ਼ਾਨੇ ਨੂੰ ਪਹੁੰਚਾਏ ਗਏ ਭਾਰੀ ਨੁਕਸਾਨ ਦੇ ਅੰਕੜੇ ਦੇਖ ਕੇ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਿਜਲੀ ਮੀਟਰ ਰੀਡਰਾਂ ਨੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਪਾਵਰਕਾਮ ਵਿਭਾਗ ਦੀ ਅੱਤ ਓ. ਆਰ. ਸੀ. ਸਕੈਨਿੰਗ ਐਪ ਤਕਨੀਕੀ ਬਜਾਏ ਮੈਨੂਅਲ ਜਾਂ ਸਾਫਟਵੇਅਰ ਦੇ ਨਾਲ ਛੇੜਛਾੜ ਕਰ ਕੇ ਖ਼ਤਕਾਰਾਂ ਨੂੰ ਫਰਜ਼ੀਵਾੜੇ ਤਹਿਤ ਰਾਸ਼ੀ ਦੇ ਬਿੱਲ ਜਾਰੀ ਕੀਤੇ ਗਏ ਹਨ।

ਕੀ ਕਹਿੰਦੇ ਹਨ ਚੀਫ ਇੰਜੀਨੀਅਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਧਿਕਾਰੀਆਂ ਨੂੰ 40 ਦੇ ਕਰੀਬ ਸ਼ੱਕੀ ਬਿਜਲੀ ਮੀਟਰ ਰੀਡਰਾਂ ਦੀ ਆਈ. ਡੀ. ਬੰਦ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿਚ ਜ਼ਿਆਦਾਤਰ ਮੀਟਰ ਰੀਡਰਾਂ ਦੀ ਆਈ. ਡੀ. ਬਲਾਕ ਕਰ ਦਿੱਤੀ ਗਈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਾਵਰਕਾਮ ਦੇ ਕਈ ਅਧਿਕਾਰੀਆਂ ’ਤੇ ਮੀਟਰ ਰੀਡਰਾਂ ਨੂੰ ਬਚਾਉਣ ਲਈ ਸਿਆਸੀ ਨੇਤਾਵਾਂ ਦਾ ਦਬਾਅ ਹੋਣ ਦੀਆਂ ਵੀ ਚਰਚਾਵਾਂ ਛਿੜੀਆਂ ਹੋਈਆਂ ਹਨ ਤਾਂ ਚੀਫ ਇੰਜੀਨੀਅਰ ਸ. ਹਾਂਸ ਨੇ ਕਿਹਾ ਕਿ ਇਹ ਸਭ ਅਫ਼ਵਾਹਾਂ ਹਨ, ਜਦੋਂਕਿ ਸਰਕਾਰ ਅਤੇ ਪਾਵਰਕਾਮ ਵਿਭਾਗ ਦੀ ਸਮੁੱਚੀ ਟੀਮ ਇਸ ਮਾਮਲੇ ਸਬੰਧੀ ਪੂਰੀ ਤਰ੍ਹਾਂ ਕਲੀਅਰ ਹੈ ਕਿ ਇਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੀਟਰ ਰੀਡਰਾਂ ਵਲੋਂ ਸਰਕਾਰੀ ਖਜ਼ਾਨੇ ਨੂੰ ਪਹੁੰਚਾਏ ਨੁਕਸਾਨ ਦੀ ਪਾਈ ਪਾਈ ਦਾ ਹਿਸਾਬ ਉਨ੍ਹਾਂ ਤੋਂ ਲਿਆ ਜਾਵੇਗਾ।



 

By Gurpreet Singh

Leave a Reply

Your email address will not be published. Required fields are marked *