ਜਲੰਧਰ ‘ਚ Dubai ਤੋਂ ਵੀ ਵੱਧ ਗਰਮੀ! 42 ਡਿਗਰੀ ਪੁੱਜਾ ਤਾਪਮਾਨ, ਜਾਣੋ ਅਗਲੇ ਦਿਨਾਂ ਦਾ ਹਾਲ

ਜਲੰਧਰ – ਪੰਜਾਬ ਵਿਚ ਗਰਮੀ ਨੇ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਵਿਚ ਦੁਬਈ ਤੋਂ ਵੀ ਵੱਧ ਗਰਮੀ ਪੈ ਰਹੀ ਹੈ। ਦੁਬਈ ਵਿਚ ਜਿੱਥੇ ਤਾਪਮਾਨ 36 ਡਿਗਰੀ ਦੇ ਪਾਰ ਪਹੁੰਚਿਆ ਹੈ, ਉਥੇ ਹੀ ਜਲੰਧਰ ਵਿਚ ਤਾਪਮਾਨ 42 ਡਿਗਰੀ ਤੱਕ ਪਹੁੰਚ ਗਿਆ ਹੈ। ਐਤਵਾਰ ਦੁਪਹਿਰ ਨੂੰ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਪਹੁੰਚ ਗਿਆ, ਜਿਸ ਕਾਰਨ ਸੜਕਾਂ ’ਤੇ ਸੰਨਾਟਾ ਨਜ਼ਰ ਆਇਆ ਅਤੇ ਲੋਕ ਆਪਣੇ ਘਰਾਂ ਵਿਚ ਤੜੇ ਰਹਿਣ ’ਤੇ ਮਜਬੂਰ ਹੋ ਗਏ। ਇਸ ਕਾਰਨ ਐਤਵਾਰ ਨੂੰ ਸੰਡੇ ਬਾਜ਼ਾਰ ਵਿਚ ਆਮ ਨਾਲੋਂ ਘੱਟ ਗਾਹਕ ਵੇਖਣ ਨੂੰ ਮਿਲੇ ਅਤੇ ਸ਼ਾਮ ਦੇ ਸਮੇਂ ਚੌਪਾਟੀ ’ਤੇ ਵੀ ਰੌਣਕ ਘੱਟ ਰਹੀ। ਭਿਆਨਕ ਗਰਮੀ ਕਾਰਨ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਹਾਲਾਤ ਵਿਚ ਸੁਧਾਰ ਹੋਣ ਕਾਰਨ ਗਾਹਕ ਆਉਣੇ ਸ਼ੁਰੂ ਹੋ ਗਏ ਹਨ ਪਰ ਹੁਣ ਗਰਮੀ ਦਿੱਕਤਾਂ ਪੈਦਾ ਕਰ ਰਹੀ ਹੈ।

ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਗਰਮੀ ਦਾ ਕਹਿਰ ਵਧਦਾ ਹੋਇਆ ਨਜ਼ਰ ਆਵੇਗਾ। ਉਥੇ ਹੀ ਮੌਸਮ ਵਿਭਾਗ ਵੱਲੋਂ ਹਨ੍ਹੇਰੀ-ਤੂਫ਼ਾਨ ਅਤੇ ਮੀਂਹ ਨੂੰ ਲੈ ਕੇ ਪੂਰੇ ਹਫ਼ਤੇ ਲਈ ‘ਯੈਲੋ ਅਲਰਟ’ ਐਲਾਨਿਆ ਹੈ। ਇਸ ਹਫ਼ਤੇ ਵਿਚ ਲੋਕਾਂ ਨੂੰ ਥੋੜ੍ਹੀ ਰਾਹਤ ਮਿਲ ਸਕਦੀ ਹੈ। ਉਕਤ ‘ਯੈਲੋ ਅਲਰਟ’ 19 ਤੋਂ ਲੈ ਕੇ 24 ਮਈ ਤੱਕ ਜਾਰੀ ਰਹੇਗਾ, ਜਦਕਿ ਇਸ ਤੋਂ ਬਾਅਦ ਵੀ ਮੌਸਮ ਵਿਚ ਰਾਹਤ ਦੀ ਉਮੀਦ ਘੱਟ ਹੀ ਦੱਸੀ ਜਾ ਰਹੀ ਹੈ। ਵਿਭਾਗੀ ਜਾਣਕਾਰਾਂ ਦਾ ਕਹਿਣਾ ਹੈ ਕਿ 3 ਦਿਨਾਂ ਬਾਅਦ ਅੰਕੜਿਆਂ ਵਿਚ ਬਦਲਾਅ ਹੋ ਸਕਦਾ ਹੈ।

PunjabKesari

ਮੌਸਮ ਵਿਭਾਗ ਵੱਲੋਂ 18 ਤੋਂ 24 ਮਈ ਤਕ ਸੂਬੇ ਦੇ ਮੌਸਮ ਦੀ ਪੇਸ਼ਨਗੋਈ ਕੀਤੀ ਗਈ ਹੈ ਅਤੇ ਇਸ ਪੂਰੇ ਹਫ਼ਤੇ ਸੂਬੇ ਵਿਚ ਮੀਂਹ-ਹਨ੍ਹੇਰੀ ਦਾ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਰੂਪਨਗਰ, ਐੱਸ. ਏ. ਐੱਸ. ਨਗਰ, ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿਚ ਮੀਂਹ ਦੇ ਅਸਾਰ ਹਨ। ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ਵਿਚ ਹਨੇਰੀ-ਤੂਫ਼ਾਨ ਦੀ ਵੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਵਿਭਾਗ ਨੇ ਇੱਥੇ ਯੈਲੋ ਅਲਰਟ ਜਾਰੀ ਕੀਤਾ ਹੈ।  ਇਸੇ ਤਰ੍ਹਾਂ ਭਲਕੇ ਯਾਨੀ 20 ਮਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿਚ ਮੀਂਹ-ਹਨੇਰੀ ਦੀ ਸੰਭਾਵਨਾ ਹੈ। ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਇਸ ਦੌਰਾਨ ਸੂਬੇ ਵਿਚ ਬਾਕੀ ਥਾਵਾਂ ‘ਤੇ ਮੌਸਮ ਸਾਫ਼ ਰਹੇਗਾ।

ਇਸ ਤੋਂ ਇਲਾਵਾ 21 ਅਤੇ 22 ਨੂੰ ਮਾਲਵੇ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ-ਹਨ੍ਹੇਰੀ ਦੀ ਸੰਭਾਵਨਾ ਦੇ ਚਲਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਦੋਆਬੇ ਅਤੇ ਮਾਝੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।  ਉਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਵਧ ਰਹੇ ਤਾਪਮਾਨ ਕਾਰਨ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਪੰਜਾਬ ਵਿਚ ਤਾਪਮਾਨ 45 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਚੁੱਕਾ ਹੈ। ਇਸੇ ਸਿਲਸਿਲੇ ਵਿਚ ਬਠਿੰਡਾ ਵਿਚ ਸਭ ਤੋਂ ਵੱਧ 45.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਤਾਪਮਾਨ 42 ਡਿਗਰੀ ਤੋਂ ਵੱਧ, ਜਦਕਿ ਮੋਗਾ ਅਤੇ ਸਮਰਾਲਾ ਵਿਚ ਤਾਪਮਾਨ 41 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ। ਮੋਹਾਲੀ ਵਿਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਪਠਾਨਕੋਟ ਵਿਚ 39 ਡਿਗਰੀ ਰਿਹਾ।

ਪੰਜਾਬ ਦਾ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਰਿਹਾ ਹੈ। ਇਸ ਕਾਰਨ ਸਿਹਤ ਮਾਹਿਰਾਂ ਨੇ ਦੁਪਹਿਰ ਸਮੇਂ ਖਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਦੋਪਹੀਆ ਵਾਹਨਾਂ ’ਤੇ ਯਾਤਰਾ ਕਰਨ ਵਾਲਿਆਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਬੱਚਿਆਂ ਨਾਲ ਯਾਤਰਾ ਕਰਦੇ ਸਮੇਂ ਛੱਤਰੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਹਵਾ ਦੇ ਦਬਾਅ ਕਾਰਨ ਰਾਤ ਨੂੰ ਵੀ ਘਟ ਨਹੀਂ ਰਿਹਾ ਤਾਪਮਾਨ
ਪੰਜਾਬ ਸਮੇਤ ਕਈ ਸੂਬਿਆਂ ਵਿਚ ਗਰਮੀ ਜ਼ੋਰ ਫੜ ਰਹੀ ਹੈ। ਇਸ ਦੇ ਨਾਲ ਹੀ, ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਗਰਮ ਹਵਾਵਾਂ ਦਾ ਦਬਾਅ ਵਧਿਆ ਹੈ। ਇਸ ਕਾਰਨ ਕਈ ਜ਼ਿਲ੍ਹਿਆਂ ਵਿਚ ਰਾਤ ਸਮੇਂ ਵੀ ਤਾਪਮਾਨ ਉਮੀਦ ਅਨੁਸਾਰ ਨਹੀਂ ਘਟ ਰਿਹਾ।  

By Gurpreet Singh

Leave a Reply

Your email address will not be published. Required fields are marked *