ਭਾਰਤ ਨੇ ਬਣਾਈ ਆਪਣੀ ਪਹਿਲੀ ਦੇਸੀ ਐੱਮਆਰਆਈ ਮਸ਼ੀਨ, ਹੁਣ ਇਲਾਜ ਹੋਵੇਗਾ ਹੋਰ ਵੀ ਸਸਤਾ!

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਆਪਣੀ ਪਹਿਲੀ ਸਵਦੇਸ਼ੀ ਐੱਮਆਰਆਈ ਮਸ਼ੀਨ ਵਿਕਸਤ ਕਰ ਲਈ ਹੈ, ਜੋ ਦੇਸ਼ ਦੀ ਸਿਹਤ ਸੇਵਾਵਾਂ ਨੂੰ ਇੱਕ ਨਵੀਂ ਦਿਸ਼ਾ ਵਿੱਚ ਲੈ ਜਾਣ ਵੱਲ ਵੱਡਾ ਕਦਮ ਮੰਨੀ ਜਾ ਰਹੀ ਹੈ। ਏਮਜ਼-ਦਿੱਲੀ ਨੇ ਐਲਾਨ ਕੀਤਾ ਹੈ ਕਿ ਇਸ ਐੱਮਆਰਆਈ ਸਕੈਨਰ ਨੂੰ ਇਸ ਸਾਲ ਅਕਤੂਬਰ ਤੱਕ ਕਲੀਨਿਕਲ ਟਰਾਇਲਾਂ ਲਈ ਲਗਾਇਆ ਜਾਵੇਗਾ।ਇਹ ਪ੍ਰੋਜੈਕਟ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਦੇ ਅਧੀਨ SAMEER (ਸੋਸਾਇਟੀ ਫਾਰ ਅਪਲਾਈਡ ਮਾਈਕ੍ਰੋਵੇਵ ਇਲੈਕਟ੍ਰਾਨਿਕ ਇੰਜੀਨੀਅਰਿੰਗ ਐਂਡ ਰਿਸਰਚ) ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। SAMEER ਦੇ ਡਾਇਰੈਕਟਰ ਜਨਰਲ ਪੀ.ਐੱਚ. ਰਾਓ ਨੇ ਦੱਸਿਆ ਕਿ ਹੁਣ ਕਲੀਨਿਕਲ ਅਤੇ ਮਨੁੱਖੀ ਅਜ਼ਮਾਇਸ਼ਾਂ ਲਈ ਇਜਾਜ਼ਤ ਦੀ ਉਡੀਕ ਕੀਤੀ ਜਾ ਰਹੀ ਹੈ।

ਭਾਰਤ ਵਿੱਚ 80-85% ਡਾਕਟਰੀ ਉਪਕਰਣ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਂਦੇ ਹਨ, ਜਿਸ ਕਰਕੇ ਇਨ੍ਹਾਂ ਉਪਕਰਣਾਂ ਦੀ ਕੀਮਤ ਆਮ ਲੋਕਾਂ ਲਈ ਵਧੇਰੇ ਹੋ ਜਾਂਦੀ ਹੈ। ਵਿੱਤੀ ਸਾਲ 2023-24 ਵਿੱਚ ਹੀ ਮੈਡੀਕਲ ਉਪਕਰਣਾਂ ਦੀ ਆਯਾਤ ₹68,885 ਕਰੋੜ ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਨਾਲੋਂ 13% ਵੱਧ ਹੈ। ਹੁਣ ਭਾਰਤ ਆਪਣੀਆਂ ਸਿਹਤ ਸੇਵਾਵਾਂ ਵਿੱਚ ਸਵੈ-ਨਿਰਭਰਤਾ ਵਧਾਉਣ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਅਤੇ ਇਹ ਨਵੀਂ ਐੱਮਆਰਆਈ ਮਸ਼ੀਨ ਇਸ ਯਤਨ ਦੀ ਵੱਡੀ ਮਿਸਾਲ ਬਣ ਸਕਦੀ ਹੈ।ਦੇਸ਼ ਵਿੱਚ ਕਈ ਹੋਰ ਕੰਪਨੀਆਂ ਵੀ ਐੱਮਆਰਆਈ ਮਸ਼ੀਨਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਫਿਸ਼ਰ ਮੈਡੀਕਲ ਵੈਂਚਰਸ (ਚੇਨਈ) ਅਤੇ ਵੌਕਸਲਗ੍ਰਿਡਸ ਇਨੋਵੇਸ਼ਨ (ਬੈਂਗਲੁਰੂ) ਵਰਗੀਆਂ ਕੰਪਨੀਆਂ ਪਹਿਲਾਂ ਹੀ ਐੱਮਆਰਆਈ ਮਸ਼ੀਨਾਂ ਵਿਕਸਤ ਕਰਨ ਦਾ ਦਾਅਵਾ ਕਰ ਚੁੱਕੀਆਂ ਹਨ। ਹੁਣ MeitY ਅਤੇ SAMEER ਦੇ ਸਹਿਯੋਗ ਨਾਲ 1.5 Tesla MRI ਸਕੈਨਰ ਜਲਦੀ ਹੀ ਦੇਸ਼ ਭਰ ਦੇ ਹਸਪਤਾਲਾਂ ਵਿੱਚ ਲਗਾਇਆ ਜਾਵੇਗਾ, ਜਿਸ ਨਾਲ ਐੱਮਆਰਆਈ ਸਕੈਨਿੰਗ ਖ਼ਾਸ ਕਰਕੇ ਆਮ ਲੋਕਾਂ ਲਈ ਸਸਤੀ ਅਤੇ ਵਧੇਰੇ ਪਹੁੰਚ ਯੋਗ ਹੋਵੇਗੀ।

By Gurpreet Singh

Leave a Reply

Your email address will not be published. Required fields are marked *